ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਸਤੰਬਰ
ਚੀਨੀ ਨਿਵੇਸ਼ ਕੰਪਨੀ ਪੇਟੀਐੱਮ ਫਸਟ ਗੇਮਜ਼ ਦਾ ਬ੍ਰਾਂਡ ਅੰਬੈਸਡਰ ਬਣਨ ’ਤੇ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਘੇਰਦਿਆਂ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) ਨੇ ਕਿਹਾ ਕਿ ਮੌਜੂਦਾ ਅਸਾਧਾਰਨ ਹਾਲਾਤ ’ਚ ਜਦੋਂ ਭਾਰਤ ਦਾ ਚੀਨ ਨਾਲ ਇੱਕ ਤਰ੍ਹਾਂ ਨਾਲ ਸੀਤ ਯੁੱਧ ਚੱਲ ਰਿਹਾ ਹੈ ਤਾਂ ਅਜਿਹੀ ਸਥਿਤੀ ਵਿੱਚ ਸਚਿਨ ਦਾ ਕਿਸੇ ਵੀ ਚੀਨੀ-ਨਿਵੇਸ਼ ਵਾਲੀ ਕੰਪਨੀ ਦਾ ਬ੍ਰਾਂਡ ਅੰਬੈਸਡਰ ਬਣਨਾ ਉਸ ਦੇ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣ ਦੇ ਲਾਲਚ ਨੂੰ ਸਪੱਸ਼ਟ ਤੌਰ ’ਤੇ ਦਰਸਾਉਂਦਾ ਹੈ।
‘ਕੈਟ’ ਨੇ ਸਚਿਨ ਤੇਂਦੁਲਕਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਸਨੂੰ ਦੇਸ਼ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਸ ਲਈ ਪੈਸਾ ਵੱਡਾ ਹੈ ਜਾਂ ਦੇਸ਼ ? ਕੈਟ ਮੁਤਾਬਕ ਸਚਿਨ ਤੇਂਦੁਲਕਰ ਨੂੰ ਇਸ ਸਬੰਧ ਵਿੱਚ ਇੱਕ ਪੱਤਰ ਭੇਜ ਕੇ ਫ਼ੈਸਲਾ ਬਦਲਣ ਦੀ ਅਪੀਲ ਵੀ ਕੀਤੀ ਗਈ ਹੈ। ਐਤਵਾਰ ਤੱਕ ਉਸ ਦੇ ਜਵਾਬ ਦਾ ਇੰਤਜ਼ਾਰ ਕੀਤਾ ਜਾਵੇਗਾ।