ਮੁੰਬਈ, 10 ਫਰਵਰੀ
ਭੀਮਾ ਕੋਰੇਗਾਓਂ ਹਿੰਸਾ ਮਾਮਲੇ ਦੇ ਮੁਲਜ਼ਮ ਤੇ ਸਮਾਜਿਕ ਕਾਰਕੁਨ ਰੋਨਾ ਵਿਲਸਨ ਦੇ ਵਕੀਲ ਸੁਦੀਪ ਪਾਸਬੋਲਾ ਨੇ ਅੱਜ ਬੰਬੇ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰਕੇ ਆਪਣੇ ਮੁਵੱਕਿਲ ਖ਼ਿਲਾਫ਼ ਦਰਜ ਕੇਸ ਰੱਦ ਕਰਨ ਦੀ ਮੰਗ ਕੀਤੀ ਹੈ।
ਵਕੀਲ ਨੇ ਆਪਣੀ ਪਟੀਸ਼ਨ ਨਾਲ ਮੈਸਾਚੂਸੈਟਸ ਆਧਾਰਿਤ ਫੋਰੈਂਸਿਕ ਫਰਮ ਆਰਸੈਨਲ ਡਿਜੀਟਲ ਦੀ ਫੋਰੈਂਸਿਕ ਰਿਪੋਰਟ ਵੀ ਨੱਥੀ ਕੀਤੀ ਹੈ ਜਿਸ ’ਚ ਕਿਹਾ ਗਿਆ ਹੈ ਕਿ ਹੈਕਰਾਂ ਨੇ ਰੋਨਾ ਵਿਲਸਨ ਦਾ ਲੈਪਟੌਪ ਹੈਕ ਕਰਕੇ ਵਿਲਸਨ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ 10 ਪੱਤਰ ਤਿਆਰ ਕੀਤੇ ਸਨ। ਉਨ੍ਹਾਂ ਕਿਹਾ ਕਿ ਇਹੀ ਉਹ ਪੱਤਰ ਸਨ ਜੋ ਪਹਿਲਾਂ ਪੁਣੇ ਪੁਲੀਸ ਅਤੇ ਬਾਅਦ ਵਿੱਚ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਵਿਲਸਨ ਖ਼ਿਲਾਫ਼ ਸਬੂਤ ਵਜੋਂ ਪੇਸ਼ ਕੀਤੇ ਸਨ। ਇਸ ਤੋਂ ਪਹਿਲਾਂ ਪੁਣੇ ਪੁਲੀਸ ਨੇ ਅਦਾਲਤ ’ਚ ਕਿਹਾ ਸੀ ਕਿ ਇਨ੍ਹਾਂ ਪੱਤਰਾਂ ਅਨੁਸਾਰ ਮੁਲਜ਼ਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਕਰਨ ਦੀ ਯੋਜਨਾ ਬਣਾ ਰਿਹਾ ਸੀ। ਐਡਵੋਕੇਟ ਸੁਦੀਪ ਪਾਸਬੋਲਾ ਨੇ ਆਪਣੇ ਮੁਵੱਕਿਲ ਦੇ ਲੈਪਟੌਪ ਦੀ ਇਲੈਕਟ੍ਰਾਨਿਕ ਕਾਪੀ ਦੀ ਜਾਂਚ ਕਰਵਾਉਣ ਲਈ ਆਰਸੈਨਲ ਡਿਜੀਟਲ ਤੱਕ ਪਹੁੰਚ ਕੀਤੀ ਸੀ।
ਵਿਲਸਨ ਵੱਲੋਂ ਕੀਤੇ ਗਏ ਦਾਅਵੇ ’ਤੇ ਟਿੱਪਣੀ ਕਰਦਿਆਂ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਦੇਵੇਂਦਰ ਫੜਨਵੀਸ ਨੇ ਕਿਹਾ, ‘ਮੈਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਜਿੱਥੋਂ ਤੱਕ ਅਰਬਨ ਨਕਸਲੀਆਂ ਦਾ ਸਵਾਲ ਹੈ, ਇਸ ਉਸ ਬਾਰੇ ਮਜ਼ਬੂਤ ਸਬੂਤ ਹਨ। ਇਨ੍ਹਾਂ ਸਬੂਤਾਂ ਕਾਰਨ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇਣ ਤੋਂ ਦੋ ਵਾਰ ਇਨਕਾਰ ਕੀਤਾ ਹੈ। ਇਹ ਕੇਸ ਨਿਆਂਇਕ ਪੜਤਾਲ ਅਧੀਨ ਹੈ। ਇਸ ਬਾਰੇ ਜ਼ਿਆਦਾ ਕੁਝ ਕਹਿਣਾ ਠੀਕ ਨਹੀਂ ਹੋਵੇਗਾ।’ ਜ਼ਿਕਰਯੋਗ ਹੈ ਕਿ ਰੋਨਾ ਵਿਲਸਨ ਉਨ੍ਹਾਂ ਵਿਅਕਤੀਆਂ ’ਚ ਸ਼ਾਮਲ ਸੀ ਜਿਨ੍ਹਾਂ ਨੂੰ ਜੂਨ 2018 ’ਚ ਨਕਸਲੀਆਂ ਨਾਲ ਕਥਿਤ ਸਬੰਧ ਹੋਣ ਅਤੇ ਭੀਮਾ ਕੋਰੇਗਾਓਂ ਜੰਗ ਦੇ 200 ਸਾਲ ਪੂਰੇ ਹੋਣ ਮੌਕੇ ਕੀਤੇ ਸਮਾਗਮ ਦੌਰਾਨ ਹੋਈ ਹਿੰਸਾ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ।