ਨਵੀਂ ਦਿੱਲੀ, 14 ਮਾਰਚ
ਬੈਂਕਾਂ ਦੇ ਤਜਵੀਜ਼ਤ ਨਿੱਜੀਕਰਨ ਦੇ ਵਿਰੋਧ ’ਚ ਮੁਲਾਜ਼ਮ ਜਥੇਬੰਦੀਆਂ ਵੱਲੋਂ ਦੋ ਰੋਜ਼ਾ ਦੇਸ਼ਿਵਆਪੀ ਹੜਤਾਲ ਕਾਰਨ ਭਲਕੇ ਸੋਮਵਾਰ ਅਤੇ ਮੰਗਲਵਾਰ ਨੂੰ ਦੇਸ਼ ਭਰ ’ਚ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਹੜਤਾਲ ਕਾਰਨ ਪੈਸੇ ਜਮ੍ਹਾਂ ਤੇ ਕਢਵਾਉਣ, ਚੈੱਕ ਪਾਸ ਕਰਵਾਉਣ ਅਤੇ ਲੋਨ ਦੀ ਮਨਜ਼ੂਰੀ ਜਿਹੀਆਂ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਨੌਂ ਯੂਨੀਅਨਾਂ ਦੇ ਸਾਂਝੇ ਸੰਗਠਨ- ‘ਯੂਨਾਈਟਿਡ ਫੋਰਮ ਆਫ਼ ਬੈਂਕਿੰਗ ਯੂਨੀਅਨ’ ਨੇ ਇੱਕ ਬਿਆਨ ਵਿੱਚ ਦਾਅਵਾ ਕੀਤਾ ਕਿ ਬੈਂਕਾਂ ਦੇ ਲਗਪਗ 10 ਲੱਖ ਕਰਮਚਾਰੀ ਅਤੇ ਅਧਿਕਾਰੀ ਹੜਤਾਲ ਵਿੱਚ ਹਿੱਸਾ ਲੈਣਗੇ। ਸਰਵ ਭਾਰਤੀ ਬੈਂਕ ਕਰਮਚਾਰੀ ਸੰਘ ਦੇ ਮਹਾਂ ਸਕੱਤਰ ਸੀ ਐੱਚ ਵੈਂਕਟਚਲਮ ਨੇ ਕਿਹਾ ਕਿ 4, 9 ਅਤੇ 10 ਮਾਰਚ ਨੂੰ ਵਧੀਕ ਮੁੱਖ ਲੇਬਰ ਕਮਿਸ਼ਨਰ ਨਾਲ ਹੋਈਆਂ ਮੀਟਿੰਗਾਂ ਬੇਸਿੱਟਾ ਰਹਿਣ ਕਾਰਨ ਹੜਤਾਲ ਕੀਤੀ ਜਾ ਰਹੀ ਹੈ। -ਪੀਟੀਆਈ