ਬੰਗਲੌਰ, 5 ਸਤੰਬਰ
ਸਾਰੀ ਰਾਤ ਪਏ ਮੋਹਲੇਧਾਰ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਭਾਰਤ ਦੀ ਆਈਟੀ ਰਾਜਧਾਨੀ ਬੰਗਲੌਰ ਵਿੱਚ ਜ਼ਿੰਦਗੀ ਦੀ ਰਫ਼ਤਾਰ ਲੀਹੋਂ ਲੱਥ ਗਈ ਹੈ। ਪਾਣੀ ਦੀ ਨਿਕਾਸੀ ਦੇ ਕਥਿਤ ਕੁਪ੍ਰਬੰਧਾਂ ਕਾਰਨ ਲੋਕਾਂ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ।
ਕਰਨਾਟਕ ਦੀ ਰਾਜਧਾਨੀ ਦੀਆਂ ਸੜਕਾਂ ਮੀਂਹ ਦੇ ਪਾਣੀ ਨਾਲ ਜਲ-ਥਲ ਹੋਣ ਕਾਰਨ ਲੋਕਾਂ ਨੂੰ ਆਪਣੀਆਂ ਮੰਜ਼ਿਲਾਂ ਤੱਕ ਪਹੁੰਚਣ ਲਈ ਭਾਰੀ ਮੁਸ਼ੱਕਤ ਕਰਨੀ ਪੈ ਰਹੀ ਹੈ। ਕਈ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਟਵਿੱਟਰ ’ਤੇ ਸਾਂਝੀਆਂ ਕੀਤੀਆਂ ਹਨ। ਸੋਸ਼ਲ ਮੀਡੀਆ ’ਤੇ ਪਾਈ ਇੱਕ ਵੀਡੀਓ ਵਿੱਚ ਹਵਾਈ ਯਾਤਰੀ ਗੋਡੇ-ਗੋਡੇ ਭਰੇ ਪਾਣੀ ਵਿੱਚੋਂ ਲੰਘਦੇ ਨਜ਼ਰ ਆ ਰਹੇ ਹਨ। ਇਹ ਸ਼ਹਿਰ ਦੇ ਹਵਾਈ ਅੱਡੇ ਦਾ ਪ੍ਰਵੇਸ਼ ਦੁਆਰ ਜਾਪ ਰਿਹਾ ਹੈ। ਨਾਗਰਿਕਾਂ ਦੇ ਥਾਂ-ਥਾਂ ’ਤੇ ਟਰੈਫਿਕ ਜਾਮ ਅਤੇ ਪਾਣੀ ਵਿੱਚ ਫਸੇ ਹੋਣ ਦੇ ਦ੍ਰਿਸ਼ ਦੇਸ਼ ਦੀ ਆਈਟੀ ਹੱਬ ਵਜੋਂ ਜਾਣੇ ਜਾਂਦੇ ਸ਼ਹਿਰ ਦੀ ਵੱਖਰੀ ਹੀ ਤਸਵੀਰ ਪੇਸ਼ ਕਰ ਰਹੇ ਹਨ। ਸਵੇਰ ਸਮੇਂ ਦਫ਼ਤਰ ਜਾਣ ਵਾਲੇ ਲੋਕਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਲਿਜਾਣ ਲਈ ਕਿਸ਼ਤੀਆਂ ਤੇ ਟਰੈਕਟਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਧਰ, ਮੁੱਖ ਮੰਤਰੀ ਬਸਵਾਰਾਜ ਬੋਮੱਈ ਨੇ ਅਧਿਕਾਰੀਆਂ ਨੂੰ ਸੜਕਾਂ ’ਤੇ ਭਰੇ ਪਾਣੀ ਦੀ ਨਿਕਾਸੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ। -ਪੀਟੀਆਈ