ਨਵੀਂ ਦਿੱਲੀ: ਸੁਪਰੀਮ ਕੋਰਟ ਨੇ 2017 ’ਚ ਹਰਿਆਣਾ ਦੇ ਗੁਰੂਗ੍ਰਾਮ ਦੇ ਇੱਕ ਨਿੱਜੀ ਸਕੂਲ ’ਚ ਸੱਤ ਸਾਲ ਦੇ ਬੱਚੇ ਦੀ ਕਥਿਤ ਹੱਤਿਆ ਕਰਨ ਵਾਲੇ ਉਸ ਨੌਜਵਾਨ ਨੂੰ ਅੱਜ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ ਜਿਸ ਬਾਰੇ ਬਾਲ ਨਿਆਂ ਬੋਰਡ ਨੇ ਤਿੰਨ ਦਿਨ ਪਹਿਲਾਂ ਫ਼ੈਸਲਾ ਦਿੱਤਾ ਸੀ ਕਿ ਇਸ ਮਾਮਲੇ ’ਚ ਉਸ ’ਤੇ ਬਾਲਗ ਵਜੋਂ ਮੁਕੱਦਮਾ ਚਲਾਇਆ ਜਾਵੇਗਾ। ਇਹ ਘਟਨਾ ਪੰਜ ਸਾਲ ਪਹਿਲਾਂ ਵਾਪਰੀ ਸੀ ਤੇ ਉਸ ਸਮੇਂ ਮੁਲਜ਼ਮ ਦੀ ਉਮਰ 16 ਸਾਲ ਸੀ। ਜਸਟਿਸ ਦਿਨੇਸ਼ ਮਹੇਸ਼ਵਰੀ ਤੇ ਜਸਟਿਸ ਜੇਕੇ ਮਹੇਸ਼ਵਰੀ ਦੇ ਬੈਂਚ ਨੇ ਕਿਹਾ ਕਿ ਸੁਣਵਾਈ ਪੂਰੀ ਹੋਣ ਤੱਕ ਮੁਲਜ਼ਮ ਨੂੰ ਹਿਰਾਸਤ ’ਚ ਰੱਖਣ ਨਾਲ ਉਸ ’ਤੇ ਮਾੜਾ ਪ੍ਰਭਾਵ ਪੈ ਸਕਦਾ ਹੈ ਤੇ ਇਸ ਲਈ ਪਟੀਸ਼ਨਰ ਨੂੰ ਸੈਸ਼ਨ ਜੱਜ ਗੁਰੂਗ੍ਰਾਮ ਵੱਲੋਂ ਲਾਈਆਂ ਸ਼ਰਤਾਂ ਦੇ ਆਧਾਰ ’ਤੇ ਜ਼ਮਾਨਤ ’ਤੇ ਰਿਹਾਅ ਕੀਤਾ ਜਾ ਸਕਦਾ ਹੈ। ਅਦਾਲਤ ਨੇ ਕਿਹਾ ਕਿ ਪਟੀਸ਼ਨਰ ਨੂੰ ਲਗਾਤਾਰ ਇੱਕ ਪਰੋਬੇਸ਼ਨ ਅਫਸਰ ਜਾਂ ਸੈਸ਼ਨ ਜੱਜ ਵੱਲੋਂ ਨਿਯੁਕਤ ਕਿਸੇ ਵਿਅਕਤੀ ਦੀ ਨਿਗਰਾਨੀ ਹੇਠ ਰਹਿਣਾ ਪਵੇਗਾ। -ਪੀਟੀਆਈ