ਨਵੀਂ ਦਿੱਲੀ, 28 ਅਗਸਤ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕਰੋਨਾਵਾਇਰਸ ਚੋਣਾਂ ਟਾਲਣ ਕਰਨ ਦਾ ਅਧਾਰ ਨਹੀਂ ਹੋ ਸਕਦਾ। ਅਦਾਲਤ ਨੇ ਬਿਹਾਰ ਚੋਣਾਂ ਮੁਲਤਵੀ ਕਰਨ ਬਾਰੇ ਇਕ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ। ਲੋਕ ਹਿੱਤ ਪਟੀਸ਼ਨ ਵਿਚ ਕੋਵਿਡ-19 ਦਾ ਪ੍ਰਭਾਵ ਸੂਬੇ ਵਿਚ ਘੱਟ ਹੋਣ ਤੱਕ ਚੋਣਾਂ ਟਾਲਣ ਲਈ ਕਿਹਾ ਗਿਆ ਸੀ। ਜਸਟਿਸ ਅਸ਼ੋਕ ਭੂਸ਼ਣ ਦੀ ਅਗਵਾਈ ਵਾਲੇ ਇਕ ਬੈਂਚ ਨੇ ਕਿਹਾ ਕਿ ਚੋਣ ਕਮਿਸ਼ਨ ਸਭ ਕੁਝ ਵਿਚਾਰੇਗਾ। ਬੈਂਚ ਜਿਸ ’ਚ ਜਸਟਿਸ ਆਰ.ਐੱਸ. ਰੈੱਡੀ ਤੇ ਐਮ.ਆਰ. ਸ਼ਾਹ ਸ਼ਾਮਲ ਸਨ, ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਬਾਰੇ ਅਜਿਹੀ ਪਟੀਸ਼ਨ ਹਾਲੇ ਦਾਇਰ ਕਰਨ ਦੀ ਕੋਈ ਤੁੱਕ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਚੋਣਾਂ ਬਾਰੇ ਹਾਲੇ ਤੱਕ ਕੋਈ ਨੋਟੀਫ਼ਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਪਟੀਸ਼ਨਕਰਤਾ ਅਵਿਨਾਸ਼ ਠਾਕੁਰ ਨੇ ਚੋਣਾਂ ਟਾਲਣ ਲਈ ਅਦਾਲਤ ਤੋਂ ਮੁੱਖ ਚੋਣ ਕਮਿਸ਼ਨਰ ਨੂੰ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਪਟੀਸ਼ਨ ਵਿਚ ਕਿਹਾ ਸੀ ਕਿ ਕਾਨੂੰਨ (ਆਰਪੀ ਐਕਟ) ਅਸਾਧਾਰਣ ਸਥਿਤੀਆਂ ਵਿਚ ਚੋਣਾਂ ਟਾਲਣ ਦੀ ਇਜਾਜ਼ਤ ਦਿੰਦਾ ਹੈ।