ਲਖਨਊ, 10 ਜਨਵਰੀ
ਕਰੋਨਾਵਾਇਰਸ ਲਾਗ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਉੱਤਰ ਪ੍ਰਦੇਸ਼ ਸਰਕਾਰ ਨੇ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸੂਬੇ ਦੇ ਬਾਕੀ ਸਾਰੇ ਸਰਕਾਰੀ ਅਤੇ ਨਿੱਜੀ ਦਫ਼ਤਰਾਂ ਵਿਚ ਇਕ ਸਮੇਂ ’ਚ 50 ਫ਼ੀਸਦ ਕਰਮਚਾਰੀਆਂ ਦੀ ਹੀ ਹਾਜ਼ਰੀ ਦੀ ਵਿਵਸਥਾ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ। ਸੂਬਾ ਸਰਕਾਰ ਦੇ ਇਕ ਬੁਲਾਰੇ ਨੇ ਅੱਜ ਦੱਸਿਆ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕੋਵਿਡ-19 ਦੀ ਰੋਕਥਾਮ ਸਬੰਧੀ ਇਕ ਉੱਚ ਪੱਧਰੀ ਮੀਟਿੰਗ ਵਿਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਹੁਣ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸੂਬੇ ਦੇ ਬਾਕੀ ਸਾਰੇ ਸਰਕਾਰੀ ਅਤੇ ਨਿੱਜੀ ਦਫ਼ਤਰਾਂ ਵਿਚ ਇਕ ਸਮੇਂ ’ਚ 50 ਫ਼ੀਸਦ ਕਰਮਚਾਰੀਆਂ ਨੂੰ ਹੀ ਸੱਦਣ ਦੀ ਵਿਵਸਥਾ ਲਾਗੂ ਕੀਤੀ ਜਾਵੇ ਅਤੇ ਲੋੜ ਅਨੁਸਾਰ ਘਰ ਤੋਂ ਕੰਮ ਕਰਨ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾਵੇ। ਉਨ੍ਹਾਂ ਇਹ ਆਦੇਸ਼ ਵੀ ਦਿੱਤਾ ਕਿ ਨਿੱਜੀ ਖੇਤਰ ਦੇ ਦਫ਼ਤਰਾਂ ਵਿਚ ਤਾਇਨਾਤ ਕੋਈ ਕਰਮਚਾਰੀ ਜੇਕਰ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਉਸ ਨੂੰ ਘੱਟੋ-ਘੱਟ ਸੱਤ ਦਿਨਾਂ ਦੀ ਤਨਖ਼ਾਹ ਸਣੇ ਛੁੱਟੀ ਦਿੱਤੀ ਜਾਵੇ। -ਪੀਟੀਆਈ