ਪਟਨਾ: ਬਿਹਾਰ ਦੇ ਕਟਿਹਾਰ ਜ਼ਿਲ੍ਹੇ ਵਿਚ ਗੁੰਡਾ ਅਨਸਰਾਂ ਵੱਲੋਂ ਕੀਤੇ ਹਮਲੇ ਵਿਚ ਚਾਰ ਪੁਲੀਸ ਕਰਮੀ ਫੱਟੜ ਹੋ ਗਏ। ਬਰਸੋਈ ਪੁਲੀਸ ਥਾਣੇ ਦੇ ਐੱਸਐਚਓ ਨੇ ਦੱਸਿਆ ਕਿ ਇਹ ਘਟਨਾ ਸੱਤ ਅਪਰੈਲ ਨੂੰ ਵਾਪਰੀ ਹੈ। ਇਸ ਮਾਮਲੇ ਵਿਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵੇਰਵਿਆਂ ਮੁਤਾਬਕ ਕੁਝ ਸ਼ਰਾਬੀ ਵਿਅਕਤੀਆਂ ਦੇ ਇਕ ਪਿੰਡ ਵਿਚ ਲੁਕੇ ਹੋਣ ਦੀ ਸੂਚਨਾ ਮਿਲਣ ’ਤੇ ਏਐੱਸਆਈ ਸੰਜੈ ਕੁਮਾਰ ਛਾਪਾ ਮਾਰਨ ਗਏ ਸਨ। ਉਨ੍ਹਾਂ ਦੇ ਉੱਥੇ ਪਹੁੰਚਣ ’ਤੇ ਸਥਾਨਕ ਗੁੰਡਿਆਂ ਜੋ ਕਿ ਸ਼ਰਾਬ ਮਾਫ਼ੀਆ ਨਾਲ ਜੁੜੇ ਹੋਏ ਸਨ, ਨੇ ਪੁਲੀਸ ਟੀਮ ’ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ। ਜ਼ਖ਼ਮੀਆਂ ਵਿਚ ਏਐੱਸਆਈ ਤੇ ਤਿੰਨ ਮਹਿਲਾ ਕਾਂਸਟੇਬਲ ਸ਼ਾਮਲ ਹਨ। -ਆਈਏਐਨਐੱਸ