ਜਲੰਧਰ (ਪਾਲ ਸਿੰਘ ਨੌਲੀ): ਬਰਤਾਨੀਆ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਦਿੱਲੀ ਵਿਚ ਕਿਸਾਨਾਂ ’ਤੇ ਕਥਿਤ ਤੌਰ ’ਤੇ ਪੁਲੀਸ ਅਤੇ ਭੀੜ ਵੱਲੋਂ ਕੀਤੇ ਗਏ ਹਮਲੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਸ੍ਰੀ ਢੇਸੀ ਨੇ ਕਥਿਤ ਹਮਲੇ ਦੀਆਂ ਤਸਵੀਰਾਂ ਆਪਣੇ ਟਵਿੱਟਰ ਹੈਂਡਲ ’ਤੇ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੀ ਹਮਾਇਤ ਨਹੀਂ ਕਰ ਰਹੇ ਪਰ ਜਿਹੜੇ ਕਿਸਾਨ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਲਈ ਰੋਸ ਪ੍ਰਦਰਸ਼ਨ ਕਰ ਰਹੇ ਸਨ ਉਨ੍ਹਾਂ ਉੱਪਰ ਪੁਲੀਸ ਨੇ ਜਿਸ ਢੰਗ ਨਾਲ ਤਾਕਤ ਵਰਤੀ ਹੈ ਉਹ ਬਹੁਤ ਹੀ ਨਿੰਦਣਯੋਗ ਹੈ। ਸੰਸਦ ਮੈਂਬਰ ਢੇਸੀ ਨੇ ਕਿਹਾ ਕਿ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਸ਼ਾਂਤਮਈ ਢੰਗ ਨਾਲ ਸਿੰਘੂ ਬਾਰਡਰ ਸਮੇਤ ਦਿੱਲੀ ਦੀਆਂ ਹੋਰ ਹੱਦਾਂ ’ਤੇ ਰੋਸ ਪ੍ਰਦਰਸ਼ਨ ਕਰਦੇ ਆ ਰਹੇ ਸਨ ਪਰ ਜਿਸ ਢੰਗ ਨਾਲ ਉਨ੍ਹਾਂ ਦੀ ਬਿਜਲੀ ਤੇ ਪਾਣੀ ਦੀ ਸਪਲਾਈ ਕੱਟੀ ਗਈ ਅਤੇ ਇੰਟਰਨੈੱਟ ਸੇਵਾਵਾਂ ਮੁਅੱਤਲ ਕੀਤੀਆਂ ਗਈਆਂ, ਉਹ ਬਹੁਤ ਹੀ ਮੰਦਭਾਗਾ ਹੈ। ਜ਼ਿਕਰਯੋਗ ਹੈ ਕਿ ਤਨਮਨਜੀਤ ਸਿੰਘ ਢੇਸੀ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਪੱਤਰ ਵੀ ਲਿਖਿਆ ਸੀ ਜਿਸ ’ਤੇ 100 ਤੋਂ ਵੱਧ ਸੰਸਦ ਮੈਂਬਰਾਂ ਦੇ ਦਸਤਖ਼ਤ ਸਨ। ਪੱਤਰ ਵਿਚ ਬਰਤਾਨੀਆ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਿਸਾਨਾਂ ਦੇ ਮੁੱਦੇ ’ਤੇ ਗੱਲਬਾਤ ਕਰਨ।
ਸ੍ਰੀ ਢੇਸੀ ਨੇ ਉਸ ਨੌਜਵਾਨ ਦੀ ਤਸਵੀਰ ਵੀ ਆਪਣੇ ਟਵਿੱਟਰ ਹੈਂਡਲ ’ਤੇ ਸਾਂਝੀ ਕੀਤੀ ਹੈ ਜਿਸ ਵਿਚ ਇਕ ਪੁਲੀਸ ਵਾਲੇ ਨੇ ਬਹੁਤ ਹੀ ਬੁਰੇ ਢੰਗ ਨਾਲ ਉਸ ਦੇ ਮੂੰਹ ਉਤੇ ਬੂਟ ਰੱਖਿਆ ਹੋਇਆ ਹੈ। ਢੇਸੀ ਦੇ ਟਵਿੱਟਰ ਅਕਾਊਂਟ ਤੋਂ 6 ਹਜ਼ਾਰ ਦੇ ਕਰੀਬ ਲੋਕਾਂ ਨੇ ਰੀ-ਟਵੀਟ ਕੀਤਾ ਹੈ। ਲੋਕਾਂ ਨੇ ਹਮਲਾ ਕਰਨ ਵਾਲਿਆਂ ਬਾਰੇ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ।