ਸ੍ਰੀਨਗਰ: ਜੰਮੂ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਚਦੂਰਾ ਇਲਾਕੇ ਵਿੱਚ ਅਤਿਵਾਦੀਆਂ ਨੇ ਅੱਜ ਕਸ਼ਮੀਰੀ ਪੰਡਿਤ ਰਾਹੁਲ ਭੱਟ ਦੀ ਉਸ ਦੇ ਦਫ਼ਤਰ ਵਿੱਚ ਹੱਤਿਆ ਕਰ ਦਿੱਤੀ। ਕਸ਼ਮੀਰੀ ਪੰਡਿਤ ਦੀ ਹੱਤਿਆ ਦੀ ਸਿਆਸੀ ਪਾਰਟੀਆਂ ਨੇ ਨਿਖੇਧੀ ਕੀਤੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਦੋ ਬੰਦੂਕਧਾਰੀ ਵਿਅਕਤੀ ਚਦੂਰਾ ਸ਼ਹਿਰ ਦੇ ਤਹਿਸੀਲ ਦਫ਼ਤਰ ਵਿੱਚ ਦਾਖ਼ਲ ਹੋਏ ਅਤੇ ਉਨ੍ਹਾਂ ਪਰਵਾਸੀਆਂ ਲਈ ਵਿਸ਼ੇਸ਼ ਰੁਜ਼ਗਾਰ ਪੈਕੇਜ ਤਹਿਤ ਉੱਥੇ ਤਾਇਨਾਤ ਕਲਰਕ ਰਾਹੁਲ ਭੱਟ ਨੂੰ ਗੋਲੀ ਮਾਰ ਦਿੱਤੀ। ਜ਼ਖ਼ਮੀ ਰਾਹੁਲ ਨੂੰ ਇਲਾਜ ਲਈ ਸ੍ਰੀਨਗਰ ਦੇ ਐੱਸਐੱਮਐੱਚਐੱਸ ਹਸਪਤਾਲ ਲਿਜਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ। ਕਸ਼ਮੀਰ ਟਾਈਗਰਜ਼ ਨਾਂ ਦੀ ਜਥੇਬੰਦੀ ਨੇ ਭੱਟ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਅਧਿਕਾਰੀ ਨੇ ਦੱਸਿਆ ਕਿ ਰਾਹੁਲ ਭੱਟ ਬੜਗਾਮ ਜ਼ਿਲ੍ਹੇ ਦੇ ਸ਼ੇਖਪੁਰਾ ਵਿੱਚ ਇੱਕ ਪਰਵਾਸੀ ਕਲੋਨੀ ਦਾ ਵਸਨੀਕ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਫੜਨ ਲਈ ਪੁਲੀਸ ਨੇ ਤਲਾਸ਼ੀ ਮੁਹਿੰਮ ਆਰੰਭ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਅਗਸਤ, 2019 ਵਿੱਚ ਧਾਰਾ 370 ਹਟਾਏ ਜਾਣ ਮਗਰੋਂ ਕਸ਼ਮੀਰ ਵਿੱਚ ਰਹਿ ਰਹੇ ਗੈਰ-ਮੁਸਲਮਾਨਾਂ ਅਤੇ ਬਾਹਰੀ ਲੋਕਾਂ ’ਤੇ ਹਮਲਿਆਂ ਵਿੱਚ ਵਾਧਾ ਹੋਇਆ ਹੈ। ਅਗਸਤ, 2019 ਤੋਂ ਮਾਰਚ, 2022 ਤੱਕ ਜੰਮੂ ਅਤੇ ਕਸ਼ਮੀਰ ਵਿੱਚ ਅਤਿਵਾਦੀਆਂ ਨੇ ਹਿੰਦੂ ਸੰਗਠਨਾਂ ਨਾਲ ਸਬੰਧਤ 12 ਜਣਿਆਂ ਦੀ ਹੱਤਿਆ ਕੀਤਾ ਹੈ, ਜਿਨ੍ਹਾਂ ਵਿੱਚ ਕਸ਼ਮੀਰੀ ਪੰਡਿਤ ਵੀ ਸ਼ਾਮਲ ਹਨ। ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਅਤੇ ਸਿਆਸੀ ਧਿਰਾਂ ਨੇ ਭੱਟ ਦੀ ਹੱਤਿਆ ਦੀ ਨਿਖੇਧੀ ਕੀਤੀ ਹੈ। ਸਿਨਹਾ ਨੇ ਟਵੀਟ ਕਰਦਿਆਂ ਕਿਹਾ ਕਿ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪੀਪਲਜ਼ ਡੈਮੋਕ੍ਰੈਟਿਕ ਪਾਰਟੀ, ਨੈਸ਼ਨਲ ਕਾਨਫਰੰਸ ਆਗੂ ਉਮਰ ਅਬਦੁੱਲਾ ਅਤੇ ਭਾਜਪਾ ਦੇ ਬੁਲਾਰੇ ਅਲਤਫ਼ ਠਾਕੁਰ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਹੈ। -ਪੀਟੀਆਈ