ਜੰਮੂ, 4 ਅਕਤੂਬਰ
ਜੰਮੂ ਪੁਲੀਸ ਨੇ ਜੰਮੂ-ਕਸ਼ਮੀਰ ਦੇ ਡਾਇਰੈਕਟਰ ਜਨਰਲ (ਜੇਲ੍ਹਾਂ) ਹੇਮੰਤ ਕੇ. ਲੋਹੀਆ (57) ਦੀ ਕਥਿਤ ਹੱਤਿਆ ਕਰਨ ਵਾਲੇ ਉਨ੍ਹਾਂ ਦੇ ਘਰੇਲੂ ਨੌਕਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ, ਜਿਸ ਦੀ ਪਛਾਣ ਯਾਸਿਰ ਲੋਹਾਰ ਵਜੋਂ ਦੱਸੀ ਗਈ ਹੈ, ਨੂੰ ਸਾਰੀ ਰਾਤ ਚੱਲੇ ਅਪਰੇਸ਼ਨ ਦੌਰਾਨ ਕਾਹਨਾਚੱਕ ਇਲਾਕੇ ਵਿਚ ਇਕ ਖੇਤ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। 1992 ਬੈਚ ਦਾ ਆਈਪੀਐੱਸ ਅਧਿਕਾਰੀ ਲੋਹੀਆ ਸੋਮਵਾਰ ਰਾਤ ਨੂੰ ਜੰਮੂ ਦੇ ਬਾਹਰਵਾਰ ਆਪਣੇ ਇਕ ਦੋਸਤ ਦੇ ਘਰ ਵਿਚ ਮ੍ਰਿਤ ਮਿਲਿਆ ਸੀ। ਪੁਲੀਸ ਅਧਿਕਾਰੀ ਦਾ ਗ਼ਲਾ ਵੱਢਿਆ ਹੋਇਆ ਸੀ ਤੇ ਸਰੀਰ ’ਤੇ ਅੱਗ ਨਾਲ ਝੁਲਸਣ ਦੇ ਨਿਸ਼ਾਨ ਸਨ। ਪੁਲੀਸ ਨੇ ਮੁੱਢਲੀ ਤਫ਼ਤੀਸ਼ ਵਿੱਚ ਇਸ ਘਟਨਾ ਪਿੱਛੇ ਦਹਿਸ਼ਤਗਰਦਾਂ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ। ਇਸ ਦੌਰਾਨ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਡੀਜੀਪੀ (ਜੇਲ੍ਹਾਂ) ਦੀ ਕਤਲ ਨੂੰ ਲੈ ਕੇ ਹੈਰਾਨੀ ਤੇ ਦੁਖ ਜ਼ਾਹਿਰ ਕੀਤਾ ਹੈ। ਸਿਨਹਾ ਨੇ ਕਿਹਾ ਕਿ ਹੇਮੰਤ ਲੋਹੀਆ ਸ਼ਾਨਦਾਰ ਪੁਲੀਸ ਅਧਿਕਾਰੀ ਤੇ ਮਹਾਨ ਇਨਸਾਨ ਸਨ।
ਪੀਪਲਜ਼ ਐਂਟੀ-ਫਾਸਿਸਟ ਫਰੰਟ (ਪੀਏਐੱਫਐੱਫ) ਨੇ ਪੁਲੀਸ ਅਧਿਕਾਰੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ, ਪਰ ਮੌਕੇ ਵਾਰਦਾਤ ਦਾ ਦੌਰਾ ਕਰਨ ਵਾਲੇ ਡੀਜੀਪੀ ਦਿਲਬਾਗ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ‘ਇਹ ਦਹਿਸ਼ਤੀ ਜਥੇਬੰਦੀਆਂ ਬੜੀ ਬੇਸ਼ਰਮੀ ਨਾਲ ਹਰ ਕਿਸੇ ਚੀਜ਼ ਦੀ ਜ਼ਿੰਮੇਵਾਰੀਆਂ ਲੈ ਲੈਂਦੀਆਂ ਹਨ।’ ਉਨ੍ਹਾਂ ਕਿਹਾ, ‘‘ਅਜਿਹਾ ਕੋਈ ਸਬੂਤ ਨਹੀਂ ਹੈ, ਜੋ ਇਸ ਹੱਤਿਆ ਪਿੱਛੇ ਕਿਸੇ ਦਹਿਸ਼ਤੀ ਸਮੂਹ ਦੀ ਸ਼ਮੂਲੀਅਤ ਨੂੰ ਦਰਸਾਉਂਦਾ ਹੋਵੇ। ਹਾਲ ਦੀ ਘੜੀ ਅਸੀਂ ਦਹਿਸ਼ਤੀ ਦ੍ਰਿਸ਼ਟੀਕੋਣ ਨੂੰ ਖਾਰਜ ਕਰ ਦਿੱਤਾ ਹੈ, ਪਰ ਜੇਕਰ ਜਾਂਚ ਦੌਰਾਨ ਅਜਿਹਾ ਕੁਝ ਸਾਹਮਣੇ ਆਇਆ ਤਾਂ ਅਸੀਂ ਉਸ ਦੀ ਘੋਖ ਕਰਾਂਗੇ।’’ ਡੀਜੀਪੀ ਲੋਹੀਆ, ਜਿਨ੍ਹਾਂ ਨੂੰ ਅਗਸਤ ਵਿੱਚ ਹੀ ਡਾਇਰੈਕਟਰ ਜਨਰਲ (ਜੇਲ੍ਹਾਂ) ਨਿਯੁਕਤ ਕੀਤਾ ਗਿਆ ਸੀ, ਦੀ ਹੱਤਿਆ ਅਜਿਹੇ ਮੌਕੇ ਹੋਈ ਹੈ ਜਦੋਂ ਕੇਂਦਰੀ ਮੰਤਰੀ ਅਮਿਤ ਸ਼ਾਹ ਜੰਮੂ-ਕਸ਼ਮੀਰ ਦੇ ਤਿੰਨ ਰੋਜ਼ਾ ਦੌਰੇ ’ਤੇ ਹਨ।
ਵਧੀਕ ਡੀਜੀਪੀ ਮੁਕੇਸ਼ ਸਿੰਘ ਨੇ ਕਿਹਾ, ‘‘ਜੰਮੂ ਕਸ਼ਮੀਰ ਪੁਲੀਸ ਨੇ ਸਾਰੀ ਰਾਤ ਵੱਡੇ ਪੱਧਰ ’ਤੇ ਵਿੱਢੀ ਰੱਖੀ ਤਲਾਸ਼ੀ ਮੁਹਿੰਮ ਦੌਰਾਨ ਡੀਜੀ (ਜੇਲ੍ਹਾਂ) ਦੇ ਕਤਲ ਵਿੱਚ ਸ਼ਾਮਲ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ।’’ ਪੁਲੀਸ ਮੁਖੀ ਨੇ ਘਟਨਾ ਨੂੰ ਮੰਦਭਾਗੀ ਦੱਸਦਿਆਂ ਕਿਹਾ ਕਿ ਪੁਲੀਸ ਨੇ ਮੌਕਾ-ਏ-ਵਾਰਦਾਤ ਤੋਂ ਸਬੰਧਤ ਸਬੂਤ ਇਕੱਤਰ ਕੀਤੇ ਹਨ, ਜੋ ਮੁਲਜ਼ਮ ਦੇ ਹਮਲਾਵਰ ਵਤੀਰੇ ਵੱਲ ਇਸ਼ਾਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਡੀਜੀਪੀ ਆਪਣੇ ਪੈਰ ’ਤੇ ਮੱਲ੍ਹਮ ਲਾ ਰਿਹਾ ਸੀ ਜਦੋਂ ਮਸ਼ਕੂਕ ਨੇ ਕਮਰੇ ਨੂੰ ਅੰਦਰੋਂ ਬੰਦ ਕਰ ਲਿਆ। ਘਰੇਲੂ ਨੌਕਰ ਨੇ ਕਿਸੇ ਤਿੱਖੀ ਚੀਜ਼ ਨਾਲ ਡੀਜੀਪੀ ’ਤੇ ਲਗਾਤਾਰ ਹਮਲਾ ਕੀਤਾ ਤੇ ਪੀੜਤ ਦੀ ਲਾਸ਼ ਨੂੰ ਸਾੜਨ ਦੇ ਇਰਾਦੇ ਨਾਲ ਉਸ ’ਤੇ ਅੱਗ ਲੱਗਾ ਸਿਰਹਾਣਾ ਵੀ ਸੁੱਟਿਆ। ਲੋਹੀਆ ਅਜੇ ਕੁਝ ਦਿਨ ਪਹਿਲਾਂ ਹੀ ਆਪਣੇ ਦੋਸਤ ਦੇ ਘਰ ਵਿੱਚ ਤਬਦੀਲ ਹੋਇਆ ਸੀ।
ਇਸ ਤੋਂ ਪਹਿਲਾਂ ਏਡੀਜੀਪੀ ਨੇ ਕਿਹਾ ਸੀ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਲੋਹੀਆ ਨੇ ਆਪਣੇ ਪੈਰ ’ਤੇ ਤੇਲ ਮਲਿਆ ਸੀ, ਜਿਸ ’ਤੇ ਸੋਜ ਦਿਖਾਈ ਦੇ ਰਹੀ ਸੀ। ਕਾਤਲ ਨੇ ਦਮ ਘੁੱਟ ਕੇ ਲੋਹੀਆ ਦੀ ਹੱਤਿਆ ਕੀਤੀ ਤੇ ਪੁਲੀਸ ਅਧਿਕਾਰੀ ਦਾ ਗਲਾ ਵੱਢਣ ਲਈ ‘ਕੈਚੱਪ’ ਦੀ ਟੁੱਟੀ ਹੋਈ ਬੋਤਲ ਦੀ ਵਰਤੋਂ ਕੀਤੀ ਤੇ ਮਗਰੋਂ ਲਾਸ਼ ਨੂੰ ਸਾੜਨ ਦਾ ਯਤਨ ਵੀ ਕੀਤਾ। ਏਡੀਜੀਪੀ ਨੇ ਕਿਹਾ ਕਿ ਅਧਿਕਾਰੀ ਦੀ ਰਿਹਾਇਸ਼ ’ਤੇ ਮੌਜੂਦ ਚੌਕੀਦਾਰਾਂ ਨੇ ਕਮਰੇ ਅੰਦਰ ਅੱਗ ਦੇਖੀ। ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਦਰਵਾਜ਼ਾ ਤੋੜਨਾ ਪਿਆ। ਅਧਿਕਾਰੀ ਨੇ ਕਿਹਾ ਕਿ ਵਿਸ਼ੇਸ਼ ਟੀਮਾਂ ਵੱਲੋਂ ਘਰੇਲੂ ਨੌਕਰ ਦੇ ਰਾਮਬਨ ਜ਼ਿਲ੍ਹੇ ਵਿਚਲੇ ਹਾਲਾ-ਢੰਧਰਾਥ ਪਿੰਡ ਵਿਚਲੀ ਰਿਹਾਇਸ਼ ਸਣੇ ਹੋਰਨਾਂ ਥਾਵਾਂ ’ਤੇ ਮਾਰੇ ਛਾਪਿਆਂ ਦੌਰਾਨ ਮਸ਼ਕੂਕ ਦੀ ਮੰਗੇਤਰ ਸਣੇ ਕੁਝ ਹੋਰਨਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਕੀਤੀ ਹੈ। ਏਡੀਜੀਪੀ ਨੇ ਕਿਹਾ ਕਿ ਕਤਲ ਵਾਲੀ ਥਾਂ ਤੋਂ ਬਰਾਮਦ ਸੀਸੀਟੀਵੀ ਫੁਟੇਜ ਵਿੱਚ ਮੁਲਜ਼ਮ ਅਪਰਾਧ ਕਰਨ ਮਗਰੋਂ ਉਥੋਂ ਭੱਜਦਾ ਵਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ, ‘‘ਲੋਹਾਰ ਪਿਛਲੇ ਛੇ ਮਹੀਨਿਆਂ ਤੋਂ ਇਸ ਘਰ ਵਿੱਚ ਕੰਮ ਕਰ ਰਿਹਾ ਸੀ…ਮੁੱਢਲੀ ਜਾਂਚ ਮੁਤਾਬਕ ਉਸ ਦਾ ਵਤੀਰਾ ਬਹੁਤ ਹਮਲਾਵਰ ਸੀ ਤੇ ਉਹ ਮਾਨਸਿਕ ਤਣਾਅ ਵਿੱਚ ਸੀ।’’ ਅਧਿਕਾਰੀ ਨੇ ਕਿਹਾ, ‘‘ਕਿਸੇ ਵੀ ਸੰਭਾਵਨਾ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ ਤੇ ਮੁਕੰਮਲ ਜਾਂਚ ਜਾਰੀ ਹੈ। ਅਪਰਾਧ ਲਈ ਵਰਤਿਆ ਹਥਿਆਰ ਬਰਾਮਦ ਕਰਨ ਤੋਂ ਇਲਾਵਾ ਘਰੇਲੂ ਨੌਕਰ ਦੀ ਦਿਮਾਗੀ ਹਾਲਤ ਨੂੰ ਦਰਸਾਉਂਦੇ ਦਸਤਾਵੇਜ਼ੀ ਸਬੂਤ ਕਬਜ਼ੇ ਵਿੱਚ ਲੈ ਲਏ ਹਨ।’’ ਡੀਜੀਪੀ (ਜੇਲ੍ਹਾਂ) ਦੀ ਲਾਸ਼ ਪੋਸਟ ਮਾਰਟਮ ਲਈ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਤਬਦੀਲ ਕਰ ਦਿੱਤੀ ਗਈ ਹੈ।
ਜ਼ਿੰਦਗੀ ਤੋਂ ਤੰਗ ਸੀ ਮੁਲਜ਼ਮ…
ਪੁਲੀਸ ਅਧਿਕਾਰੀ ਨੇ ਮੁਲਜ਼ਮ ਦੀ ਡਾਇਰੀ ਦੇ ਕੁਝ ਸਫ਼ੇ ਸਾਂਝੇ ਕਰਦੇ ਹੋਏ ਕਿਹਾ ਕਿ ਲੋਹਾਰ ਨੇ ਸਕੂਲ ਦੀ ਪੜ੍ਹਾਈ ਵਿਚਾਲੇ ਛੱੱਡ ਦਿੱਤੀ ਸੀ ਤੇ ਉਹ ਆਪਣੀ ਜ਼ਿੰਦਗੀ ਤੋਂ ਤੰਗ ਸੀ। ਘਰੇਲੂ ਨੌਕਰ ਨੇ ਆਪਣੀ ਡਾਇਰੀ ਵਿੱਚ ਲਿਖਿਆ ਸੀ ਕਿ ਉਹ 99 ਫੀਸਦ ਉਦਾਸ ਪਰ ਚਿਹਰੇ ’ਤੇ 100 ਫੀਸਦ ‘ਫਰਜ਼ੀ ਮੁਸਕਾਨ’ ਰੱਖਦਾ ਹੈ। ਉਸ ਨੇ ਡਾਇਰੀ ਵਿਚ ਲਿਖਿਆ, ‘‘ਮੈਂ 10 ਫੀਸਦ ਖ਼ੁਸ਼ ਹਾਂ, ਮੇਰੀ ਜ਼ਿੰਦਗੀ ’ਚ ਸਿਫ਼ਰ ਫੀਸਦ ਪਿਆਰ ਤੇ 90 ਫੀਸਦ ਤਣਾਅ ਹੈ। ਮੈਂ ਆਪਣੀ ਜ਼ਿੰਦਗੀ ਨੂੰ ਨਫ਼ਰਤ ਕਰਦਾ ਹਾਂ, ਜਿਸ ਨੇ ਮੈਨੂੰ ਸਿਰਫ਼ ਦੁੱਖ ਹੀ ਦਿੱਤਾ ਹੈ ਅਤੇ ਮੈਨੂੰ ਜ਼ਿੰਦਗੀ ਮੁੜ ਸ਼ੁਰੂ ਕਰਨ ਲਈ ਮੌਤ ਦੀ ਉਡੀਕ ਹੈ।’’ -ਪੀਟੀਆਈ