ਗੁਹਾਟੀ: ਅਸਾਮ ਦੇ ਗੋਲਪਾੜਾ ਜ਼ਿਲ੍ਹੇ ਵਿਚ ਲੋਕਾਂ ਨੇ ਅੱਜ ਇਕ ਮਦਰੱਸੇ ਤੇ ਇਸ ਦੇ ਨਾਲ ਲੱਗਦੀ ਰਿਹਾਇਸ਼ ਨੂੰ ਢਾਹ ਦਿੱਤਾ। ਉਹ ਮਦਰੱਸੇ ਵਿਚ ਕਥਿਤ ਤੌਰ ’ਤੇ ਕੀਤੀਆਂ ਜਾ ਰਹੀਆਂ ਜਹਾਦੀ ਗਤੀਵਿਧੀਆਂ ਦਾ ਵਿਰੋਧ ਕਰ ਰਹੇ ਸਨ। ਪੁਲੀਸ ਦਾ ਦਾਅਵਾ ਹੈ ਕਿ ਕਿ ਦੋ ਬੰਗਲਾਦੇਸ਼ੀ ਨਾਗਰਿਕ ਇੱਥੋਂ ਜਹਾਦੀ ਗਤੀਵਿਧੀਆਂ ਕਰ ਰਹੇ ਸਨ ਜੋ ਅਜੇ ਤੱਕ ਫਰਾਰ ਹਨ। ਉਨ੍ਹਾਂ ਕਿਹਾ ਕਿ ਮਦਰੱਸੇ ਦੀ ਵਰਤੋਂ ਦੇਸ਼ ਵਿਰੋਧੀ ਗਤੀਵਿਧੀਆਂ ਲਈ ਹੋਣ ਬਾਰੇ ਪਤਾ ਇਕ ਮੌਲਵੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਲੱਗਾ। ਪੁਲੀਸ ਨੇ ਇਸ ਮਾਮਲੇ ਵਿਚ ਮੌਲਵੀ ਜਲਾਲੂਦੀਨ ਸ਼ੇਖ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਨੇ ਕਿਹਾ ਕਿ ਸ਼ੇਖ ਨੇ ਹੀ ਫਰਾਰ ਦੋਵਾਂ ਮੁਲਜ਼ਮਾਂ ਨੂੰ ਮਦਰੱਸੇ ਵਿਚ ਅਧਿਆਪਕਾਂ ਵਜੋਂ ਰੱਖਿਆ ਸੀ। ਅਸਾਮ ਵਿਚ ਇਹ ਚੌਥਾ ਮਦਰੱਸਾ ਢਾਹਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਫਰਾਰ ਬੰਗਲਾਦੇਸ਼ੀ ਭਾਰਤੀ ਉਪ ਮਹਾਦੀਪ ’ਚ ਸਰਗਰਮ ਅਲ-ਕਾਇਦਾ ਨਾਲ ਜੁੜੇ ਹੋਏ ਹਨ। -ਪੀਟੀਆਈ