ਜੋਧਪੁਰ: ਆਪਣੇ ਆਪ ਨੂੰ ਰੱਬ ਆਖਣ ਵਾਲਾ ਆਸਾਰਾਮ, ਜਿਸ ਦਾ ਪਿਛਲੇ ਦੋ ਦਿਨਾਂ ਤੋਂ ਹਸਪਤਾਲ ਵਿੱਚ ਕੋਵਿਡ-19 ਦਾ ਇਲਾਜ ਚੱਲ ਰਿਹਾ ਸੀ ਨੂੰ, ਅੱਜ ਜੋਧਪੁਰ ਦੇ ਏਮਸ ਵਿਚ ਦਾਖ਼ਲ ਕੀਤਾ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਕਾਰਨਾਂ ਕਰਕੇ ਉਸ ਨੂੰ ਜੋਧਪੁਰ ਦੇ ਏਮਸ ਵਿਚ ਤਬਦੀਲ ਕੀਤਾ ਗਿਆ ਹੈ। ਇਥੇ ਐੱਮਜੀ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਨਾਬਾਲਗ ਲੜਕੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਆਸਾਰਾਮ ਦੀ ਹਾਲਤ ਸਥਿਰ ਹੈ। ਉਸ ਨੂੰ ਸ਼ੁੱਕਰਵਾਰ ਰਾਤ ਨੂੰ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਸ) ਲਿਆਂਦਾ ਗਿਆ ਸੀ ਅਤੇ ਪੁਲੀਸ ਨੇ ਉਸ ਨੂੰ ਹਸਪਤਾਲ ਤੋਂ ਤਬਦੀਲ ਕਰਨ ਪਿੱਛੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਐੱਮਜੀ ਹਸਪਤਾਲ ਵਿਚ ਦਾਖ਼ਲ ਹੋਣ ਤੋਂ ਬਾਅਦ ਆਸਾਰਾਮ ਦੇ ਸ਼ਰਧਾਲੂਆਂ ਵੱਲੋਂ ਹਸਪਤਾਲ ਵਿਚ ਦਾਖ਼ਲ ਹੋਣ ਜਾਂ ਉਸ ਦੇ ਨੇੜੇ ਜਾਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਇਸ ਦੇ ਮੱਦੇਨਜ਼ਰ ਉਸ ਦੀ ਸੁਰੱਖਿਆ ਨੂੰ ਖ਼ਤਰਾ ਮੰਨਦਿਆਂ, ਉਸ ਨੂੰ ਏਮਸ ਵਿਚ ਤਬਦੀਲ ਕਰਨ ਬਾਰੇ ਵਿਚਾਰ ਕੀਤਾ। -ਪੀਟੀਆਈ