ਨਵੀਂ ਦਿੱਲੀ: ਖ਼ੁਦਕੁਸ਼ੀ ਕੇਸ ਵਿਚ ਗ੍ਰਿਫ਼ਤਾਰ ਕੀਤੇ ਗਏ ‘ਰਿਪਬਲਿਕ ਟੀਵੀ’ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੇ ਅੰਤ੍ਰਿਮ ਜ਼ਮਾਨਤ ਲਈ ਹੁਣ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ। ਬੰਬੇ ਹਾਈ ਕੋਰਟ ਨੇ ਸੋਮਵਾਰ ਗੋਸਵਾਮੀ ਤੇ ਦੋ ਹੋਰਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ਲਈ ਸੈਸ਼ਨ ਕੋਰਟ ਪਹੁੰਚ ਕਰਨ ਲਈ ਕਿਹਾ ਸੀ। ਹਾਈ ਕੋਰਟ ਦੇ ਫ਼ੈਸਲੇ ਨੂੰ ਅਰਨਬ ਨੇ ਆਪਣੇ ਵਕੀਲ ਰਾਹੀਂ ਹੁਣ ਸਿਖ਼ਰਲੀ ਅਦਾਲਤ ਵਿਚ ਚੁਣੌਤੀ ਦਿੱਤੀ ਹੈ। ਤਲੋਜਾ ਜੇਲ੍ਹ ਵਿਚ ਬੰਦ ਗੋਸਵਾਮੀ ਨੇ ਆਪਣੀ ਅਪੀਲ ਵਿਚ ਮਹਾਰਾਸ਼ਟਰ ਸਰਕਾਰ ਤੋਂ ਇਲਾਵਾ ਕੇਂਦਰ ਸਰਕਾਰ, ਅਲੀਬਾਗ਼ ਦੇ ਐੱਸਐਚਓ, ਮੁੰਬਈ ਪੁਲੀਸ ਦੇ ਕਮਿਸ਼ਨਰ ਪਰਮ ਬੀਰ ਸਿੰਘ ਨੂੰ ਵੀ ਧਿਰ ਬਣਾਇਆ ਹੈ। ਰਾਜ ਸਰਕਾਰ ਨੇ ਵੀ ਸੁਪਰੀਮ ਕੋਰਟ ਵਿਚ ਅਰਜ਼ੀ ਦਾਇਰ ਕੀਤੀ ਹੈ ਤੇ ਕਿਹਾ ਹੈ ਕਿ ਉਨ੍ਹਾਂ ਦੀ ਸੁਣਵਾਈ ਕੀਤੇ ਬਿਨਾਂ ਗੋਸਵਾਮੀ ਦੀ ਅਪੀਲ ਉਤੇ ਕੋਈ ਫ਼ੈਸਲਾ ਨਾ ਸੁਣਾਇਆ ਜਾਵੇ।
-ਪੀਟੀਆਈ