ਮੁੰਬਈ, 2 ਅਕਤੂਬਰ
ਮਹਾਰਾਸ਼ਟਰ ਸਰਕਾਰ ਨੇ ਅੱਜ ਮੁਹਿੰਮ ਸ਼ੁਰੂ ਕਰਦਿਆਂ ਲੋਕਾਂ ਨੂੰ ਫੋਨ ਕਾਲਾਂ ’ਤੇ ‘ਹੈਲੋ’ ਦੀ ਥਾਂ ‘ਵੰਦੇ ਮਾਤਰਮ’ ਕਹਿਣ ਦੀ ਅਪੀਲ ਕੀਤੀ ਹੈ। ਗਾਂਧੀ ਜੈਅੰਤੀ ਮੌਕੇ ਵਰਧਾ ਜ਼ਿਲ੍ਹੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਸੂਬੇ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸੁਧੀਰ ਮੁੰਗਟੀਵਾਰ ਨੇ ਕਿਹਾ, ‘‘ਵੰਦੇ ਮਾਤਰਮ ਦਾ ਮਤਲਬ ਹੈ ਕਿ ਅਸੀਂ ਆਪਣੀ ਮਾਤਾ ਨੂੰ ਪ੍ਰਣਾਮ ਕਰਦੇ ਹਾਂ। ਇਸ ਲਈ ਅਸੀਂ ਲੋਕਾਂ ਨੂੰ ਹੈਲੋ ਦੀ ਥਾਂ ਵੰਦੇ ਮਾਤਰਮ ਕਹਿਣ ਦੀ ਅਪੀਲ ਕਰਦੇ ਹਾਂ।’’ ਉਨ੍ਹਾਂ ਕਿਹਾ, ‘‘ਜੇ ਲੋਕ ‘ਜੈ ਭੀਮ’ ਜਾਂ ‘ਜੈ ਸ੍ਰੀ ਰਾਮ’ ਕਹਿਣਾ ਚਾਹੁੰਦੇ ਹਨ, ਜਾਂ ਫੋਨ ਕਾਲ ਦਾ ਜਵਾਬ ਦੇਣ ਵੇਲੇ ਆਪਣੇ ਮਾਤਾ-ਪਿਤਾ ਦਾ ਜ਼ਿਕਰ ਕਰਨਾ ਚਾਹੁੰਦੇ ਹਨ ਤਾਂ ਵੀ ਠੀਕ ਹੈ। ਸਾਡੀ ਅਪੀਲ ਹੈ ਕਿ ਕਾਲ ਦਾ ਜਵਾਬ ਦੇਣ ਵੇਲੇ ‘ਹੈਲੋ’ ਕਹਿਣ ਤੋਂ ਬਚਿਆ ਜਾਵੇ।’’ ਬੀਤੇ ਦਿਨ ਇੱਕ ਸਰਕਾਰੀ ਮਤੇ (ਜੀਆਰ) ਰਾਹੀਂ ਸਰਕਾਰ ਨੇ ਆਪਣੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਅਧਿਕਾਰਤ ਜਾਂ ਨਿੱਜੀ ਫੋਨ ਕਾਲਾਂ ਦੌਰਾਨ ‘ਹੈਲੋ’ ਦੀ ਥਾਂ ‘ਵੰਦੇ ਮਾਤਰਮ’ ਕਹਿਣ ਦੀ ਅਪੀਲ ਕੀਤੀ ਸੀ। -ਪੀਟੀਆਈ
ਕਾਂਗਰਸ ‘ਜੈ ਬਲੀਰਾਜਾ’ ਤੇ ‘ਰਾਮ ਰਾਮ’ ਬੋਲੇਗੀ
ਮੁੰਬਈ: ਮਹਾਰਾਸ਼ਟਰ ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਫੋਨ ਕਾਲ ’ਤੇ ‘ਹੈਲੋ’ ਦੀ ਥਾਂ ‘ਵੰਦੇ ਮਾਤਰਮ’ ਕਹਿਣ ਦੇ ਜਾਰੀ ਕੀਤੇ ਗਏ ਮਤੇ ਤੋਂ ਇੱਕ ਦਿਨ ਬਾਅਦ ਕਾਂਗਰਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਇੱਕ-ਦੂਜੇ ਨੂੰ ਅੰਨਦਾਤਾ ਦੇ ਸਨਮਾਨ ਵਿੱਚ ‘ਜੈ ਬਲੀਰਾਜਾ’ ਅਤੇ ‘ਰਾਮ ਰਾਮ’ ਕਹਿ ਕੇ ਬੁਲਾਇਆ ਜਾਵੇਗਾ। ਹਾਲਾਂਕਿ ਪਾਰਟੀ ਦੇ ਸੂਬਾ ਪ੍ਰਧਾਨ ਨਾਨਾ ਪਟੋਲੇ ਨੇ ਕਿਹਾ ਕਿ ਪਾਰਟੀ ‘ਵੰਦੇ ਮਾਤਰਮ’ ਕਹਿਣ ਦਾ ਵਿਰੋਧ ਨਹੀਂ ਕਰਦੀ। ਉਨ੍ਹਾਂ ਕਿਹਾ, ‘‘ਸਾਡਾ ਦੇਸ਼ ਖੇਤੀ ਪ੍ਰਧਾਨ ਅਰਥਚਾਰਾ ਹੈ, ਜਿੱਥੇ ਖੇਤੀਬਾੜੀ ਅਹਿਮ ਰੋਲ ਨਿਭਾਉਂਦੀ ਹੈ। ਸਾਡਾ ਇਹ ਸਟੈਂਡ ਹੈ ਕਿ ਅਸੀਂ ਇੱਕ-ਦੂਜੇ ਨੂੰ ਬੁਲਾਉਣ ਵੇਲੇ ਕਿਸਾਨਾਂ ਦੇ ਸਨਮਾਨ ਵਿੱਚ ‘ਜੈ ਬਲੀਰਾਜਾ’ ਅਤੇ ‘ਰਾਮ ਰਾਮ’ ਕਹਾਂਗੇ।