ਪੁਣੇ, 14 ਦਸੰਬਰ
ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਪੱਤਰ ਲਿਖ ਕੇ ‘ਭੁੱਖ ਹੜਤਾਲ’ ਮੁੜ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਹੈ। ਹਜ਼ਾਰੇ ਨੇ ਕਿਹਾ ਕਿ ਸਰਕਾਰ ਜੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਖੇਤੀ ਜਿਣਸਾਂ ਦੇ ਭਾਅ ਮਿੱਥਣ ਸਮੇਤ ਹੋਰ ਮੰਗਾਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਹਿੰਦੀ ਹੈ ਤਾਂ ਉਹ ਮੁੜ ਤੋਂ ਭੁੱਖ ਹੜਤਾਲ ’ਤੇ ਬੈਠਣਗੇ। ਹਜ਼ਾਰੇ ਦੀਆਂ ਹੋਰਨਾਂ ਮੰਗਾਂ ਵਿੱਚ ਖੇਤੀ ਲਾਗਤਾਂ ਤੇ ਕੀਮਤਾਂ ਬਾਰੇ ਕਮਿਸ਼ਨ (ਸੀਏਸੀਪੀ) ਨੂੰ ਵਧੇਰੇ ਖੁ਼ਦਮੁਖਤਿਆਰੀ ਦੇਣਾ ਵੀ ਸ਼ਾਮਲ ਹੈ। ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਝੰਡਾ ਬਰਦਾਰ ਅੰਨਾ ਹਜ਼ਾਰੇ ਨੇ ਇਸ ਤੋਂ ਪਹਿਲਾਂ ਫਰਵਰੀ 2019 ਵਿੱਚ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਵਿਚਲੇ ਆਪਣੇ ਪਿੰਡ ਰਾਲੇਗਾਓਂ ਸਿੱਧੀ ਵਿੱਚ ਉਪਵਾਸ ਰੱਖਿਆ ਸੀ, ਜਿਸ ਨੂੰ ਤਤਕਾਲੀਨ ਕੇਂਦਰੀ ਖੇਤੀ ਮੰਤਰੀ ਰਾਧਾ ਮੋਹਨ ਸਿੰਘ ਵੱਲੋਂ ਦਿੱਤੇ ਭਰੋਸੇ ’ਤੇ ਮੁਲਤਵੀ ਕਰ ਦਿੱਤਾ ਸੀ। ਤੋਮਰ ਨੂੰ ਲਿਖੇ ਪੱਤਰ ਵਿੱਚ ਹਜ਼ਾਰੇ ਨੇ ਸਾਬਕਾ ਖੇਤੀ ਮੰਤਰੀ ਰਾਧਾ ਮੋਹਨ ਸਿੰਘ ਵੱਲੋਂ ਲਿਖਿਆ ਉਹ ਪੱਤਰ ਵੀ ਨੱਥੀ ਕੀਤਾ ਹੈ, ਜਿਸ ਵਿੱਚ ਉਪਰੋਕਤ ਮਸਲੇ ਦੇ ਹੱਲ ਲਈ ਉੱਚ ਤਾਕਤੀ ਕਮੇਟੀ ਗਠਿਤ ਕਰਨ ਤੇ 30 ਅਕਤੂਬਰ 2019 ਤੱਕ ਰਿਪੋਰਟ ਸੌਂਪੇ ਜਾਣ ਦਾ ਭਰੋਸਾ ਦਿੱਤਾ ਗਿਆ ਸੀ। -ਪੀਟੀਆਈ