ਸ੍ਰੀਨਗਰ, 6 ਮਈ
ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਅਮਰਨਾਥ ਯਾਤਰਾ ਰੂਟ ਨੇੜੇ ਅੱਜ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਹਿਜ਼ਬੁਲ ਮੁਜਾਹਿਦੀਨ ਦੇ ਅਖੌਤੀ ਕਮਾਂਡਰ ਸਣੇ ਤਿੰਨ ਅਤਿਵਾਦੀ ਮਾਰੇ ਗਏ। ਇਨ੍ਹਾਂ ਦੀ ਪਛਾਣ ਮੁਹੰਮਦ ਅਸ਼ਰਫ਼ ਖ਼ਾਨ ਉਰਫ਼ ਅਸ਼ਰਫ਼ ਮੌਲਵੀ/ਮਨਸੂਰ-ਉੱਲ-ਹੱਕ, ਮੁਹੰਮਦ ਰਫ਼ੀਕ ਦਰਾਂਗੇ ਅਤੇ ਰੌਸ਼ਨ ਜ਼ਮੀਰ ਤਾਂਤਰੇ ਉਰਫ਼ ਆਕਬਿ ਵਜੋਂ ਹੋਈ ਹੈ। ਇਸ ਦੌਰਾਨ ਕੋਕਰਨਾਗ ਖੇਤਰ ਵਿੱਚ ਵਿੱਢੀ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨੇ ਹਿਜ਼ਬੁਲ ਦਹਿਸ਼ਤਗਰਦ ਮੁਹੰਮਦ ਇਸ਼ਫ਼ਾਕ ਸ਼ੇਰਗੋਜਰੀ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲੀਸ ਨੇ ਦੱਸਿਆ ਕਿ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਦੇ ਸ੍ਰੀਚਾਂਦ ਟੋਪ ਜੰਗਲੀ ਇਲਾਕੇ ਵਿੱਚ ਅਤਿਵਾਦੀਆਂ ਦੇ ਛੁਪੇ ਹੋਣ ਦੀ ਵਿਸ਼ੇਸ਼ ਸੂਚਨਾ ਮਿਲਣ ਮਗਰੋਂ ਸੁਰੱਖਿਆ ਬਲਾਂ ਨੇ ਇਸ ਖੇਤਰ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਅਤਿਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਗੋਲੀ ਚਲਾ ਦਿੱਤੀ ਅਤੇ ਜਵਾਬੀ ਕਾਰਵਾਈ ਵਿੱਚ ਤਿੰਨ ਅਤਿਵਾਦੀ ਮਾਰੇ ਗਏ। ਇਹ ਅਤਿਵਾਦੀ ਹਿਜ਼ਬੁਲ ਮੁਜਾਹਿਦੀਨ ਨਾਲ ਸਬੰਧਿਤ ਸਨ। ਆਈਜੀ ਵਿਜੈ ਕੁਮਾਰ ਨੇ ਦੱਸਿਆ ਕਿ ਅਸ਼ਰਫ਼ ਮੌਲਵੀ ਹਿਜ਼ਬੁਲ ਨਾਲ ਲੰਮੇ ਸਮੇਂ ਤੋਂ ਜੁੜਿਆ ਹੋਇਆ ਸੀ। ਆਈਜੀ ਨੇ ਕਿਹਾ ਕਿ ਅਮਰਨਾਥ ਯਾਤਰਾ ਰੂਟ ’ਤੇ ਚਲਾਈ ਗਈ ਮੁਹਿੰਮ ਵਿੱਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਅਮਰਨਾਥ ਯਾਤਰਾ ਦੋ ਸਾਲਾਂ ਮਗਰੋਂ 30 ਜੂਨ ਨੂੰ ਸ਼ੁਰੂ ਹੋ ਰਹੀ ਹੈ। -ਪੀਟੀਆਈ