ਮੁੰਬਈ, 11 ਅਪਰੈਲ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਸਨਅਤਕਾਰ ਮੁਕੇਸ਼ ਅੰਬਾਨੀ ਦੀ ਰਿਹਾਇਸ਼ ਦੇ ਬਾਹਰ ਐੱਸਯੂਵੀ ’ਚ ਧਮਾਕਾਖੇਜ਼ ਸਮੱਗਰੀ ਰੱਖਣ ਦੇ ਕੇਸ ’ਚ ਮੁਅੱਤਲ ਪੁਲੀਸ ਅਧਿਕਾਰੀ ਸਚਿਨ ਵਜ਼ੇ ਦੇ ਸਾਥੀ ਰਿਆਜ਼ ਕਾਜ਼ੀ ਨੂੰ ਅੱਜ ਗ੍ਰਿਫ਼ਤਾਰ ਕੀਤਾ ਹੈ। ਸਹਾਇਕ ਪੁਲੀਸ ਇੰਸਪੈਕਟਰ ਕਾਜ਼ੀ ਨੂੰ ਐੱਨਆਈਏ ਨੇ ਅੱਜ ਪੁੱਛ-ਗਿੱਛ ਲਈ ਸੱਦਿਆ ਸੀ ਜਿਸ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਪਹਿਲਾਂ ਵੀ ਐੱਨਆਈਏ ਵੱਲੋਂ ਉਸ ਤੋਂ ਕਈ ਵਾਰ ਪੁੱਛ-ਗਿੱਛ ਕੀਤੀ ਗਈ ਸੀ। ਗ੍ਰਿਫ਼ਤਾਰੀ ਮਗਰੋਂ ਕਾਜ਼ੀ ਨੂੰ ਇਥੇ ਅਦਾਲਤ ’ਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ 16 ਅਪਰੈਲ ਤੱਕ ਐੱਨਆਈਏ ਦੀ ਹਿਰਾਸਤ ’ਚ ਭੇਜ ਦਿੱਤਾ ਗਿਆ। ਇਸ ਤੋਂ ਪਹਿਲਾਂ ਸੀਸੀਟੀਵੀ ਫੁਟੇਜ ’ਚ ਕਾਜ਼ੀ ਵਿਖਰੋਲੀ ’ਚ ਨੰਬਰ ਪਲੇਟਾਂ ਦੀ ਦੁਕਾਨ ਅੰਦਰ ਜਾਂਦਾ ਅਤੇ ਮਾਲਕ ਨਾਲ ਗੱਲਬਾਤ ਕਰਦਾ ਦਿਖਾਈ ਦਿੱਤਾ ਸੀ। ਉਹ ਦੁਕਾਨ ’ਚੋਂ ਵੀਡੀਓ ਰਿਕਾਰਡਰ ਅਤੇ ਕੰਪਿਊਟਰ ਲੈ ਕੇ ਜਾਂਦਾ ਵੀ ਦਿਖਾਈ ਦਿੱਤਾ ਸੀ। ਉਸ ਨੂੰ ਵਜ਼ੇ ਦੇ ਰਿਹਾਇਸ਼ੀ ਕੰਪਲੈਕਸ ’ਚੋਂ ਵੀ ਸੀਸੀਟੀਵੀ ਫੁਟੇਜ ਇਕੱਤਰ ਕਰਦਿਆਂ ਦੇਖਿਆ ਗਿਆ ਸੀ। ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਕਾਜ਼ੀ ਨੇ ਵਜ਼ੇ ਨੂੰ ਜਾਅਲੀ ਨੰਬਰ ਪਲੇਟ ਹਾਸਲ ਕਰਨ ’ਚ ਸਹਾਇਤਾ ਕੀਤੀ ਸੀ ਅਤੇ ਇਸ ਨੰਬਰ ਪਲੇਟ ਦੀ ਵਰਤੋਂ ਅੰਬਾਨੀ ਦੀ ਰਿਹਾਇਸ਼ ਨੇੜਿਓਂ ਮਿਲੀ ਐੱਸਯੂਵੀ ’ਚ ਕੀਤੀ ਗਈ ਸੀ। ਐੱਸਯੂਵੀ ਦੇ ਮਾਲਕ ਮਨਸੁਖ ਹੀਰੇਨ ਦੀ ਲਾਸ਼ 5 ਮਾਰਚ ਨੂੰ ਇਕ ਨਾਲੇ ’ਚੋਂ ਮਿਲੀ ਸੀ। ਐੱਨਆਈਏ ਨੇ ਕੇਸ ਦੀ ਜਾਂਚ ਦੇ ਸਬੰਧ ’ਚ ਵਜ਼ੇ ਨੂੰ 13 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ। -ਪੀਟੀਆਈ
ਭ੍ਰਿਸ਼ਟਾਚਾਰ ਕੇਸ: ਸੀਬੀਆਈ ਵੱਲੋਂ ਦੇਸ਼ਮੁਖ ਦੇ ਨਿੱਜੀ ਅਮਲੇ ਤੋਂ ਪੁੱਛ-ਗਿੱਛ
ਮੁੰਬਈ: ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਵੱਲੋਂ ਲਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਮਗਰੋਂ ਸੀਬੀਆਈ ਨੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੇ ਨਿੱਜੀ ਅਮਲੇ ਦੇ ਦੋ ਮੈਂਬਰਾਂ ਤੋਂ ਅੱਜ ਪੁੱਛ-ਗਿੱਛ ਕੀਤੀ। ਦੇਸ਼ਮੁਖ ਦੇ ਨਿੱਜੀ ਸਹਾਇਕ ਕੁੰਦਨ ਸ਼ਿੰਦੇ ਅਤੇ ਨਿੱਜੀ ਸਕੱਤਰ ਸੰਜੀਵ ਪਲੰਦੇ ਨੂੰ ਸੀਬੀਆਈ ਟੀਮ ਨੇ ਪੁੱਛ-ਪੜਤਾਲ ਲਈ ਪੇਸ਼ ਹੋਣ ਲਈ ਕਿਹਾ ਸੀ। ਦੋਹਾਂ ਤੋਂ ਸਾਂਤਾਕਰੂਜ਼ ’ਚ ਡੀਆਰਡੀਓ ਦੇ ਗੈਸਟ ਹਾਊਸ ’ਚ ਸਵਾਲ ਕੀਤੇ ਗਏ। ਪਰਮਬੀਰ ਸਿੰਘ ਨੇ ਚਿੱਠੀ ’ਚ ਦੋਸ਼ ਲਾਇਆ ਸੀ ਕਿ ਦੇਸ਼ਮੁਖ ਨੇ ਜਦੋਂ ਮੁਅੱਤਲ ਪੁਲੀਸ ਅਧਿਕਾਰੀ ਸਚਿਨ ਵਜ਼ੇ ਨੂੰ ਬਾਰ ਅਤੇ ਰੈਸਟੋਰੈਂਟਾਂ ਤੋਂ 100 ਕਰੋੜ ਰੁਪਏ ਦੀ ਵਸੂਲੀ ਕਰਨ ਲਈ ਕਿਹਾ ਸੀ ਤਾਂ ਉਸ ਸਮੇਂ ਪਲੰਦੇ ਵੀ ਹਾਜ਼ਰ ਸੀ। ਵਜ਼ੇ ਨੇ ਵੀ ਆਪਣੇ ਬਿਆਨ ’ਚ ਦਾਅਵਾ ਕੀਤਾ ਸੀ ਕਿ ਅਜਿਹੀ ਇਕ ਹੋਰ ਵਾਰਤਾ ਦੌਰਾਨ ਸ਼ਿੰਦੇ ਵੀ ਮੌਜੂਦ ਸੀ। ਬੰਬੇ ਹਾਈ ਕੋਰਟ ਦੇ ਹੁਕਮਾਂ ਮਗਰੋਂ ਸੀਬੀਆਈ ਨੇ ਦੇਸ਼ਮੁਖ ਖ਼ਿਲਾਫ਼ ਮੁੱਢਲੀ ਜਾਂਚ ਸ਼ੁਰੂ ਕੀਤੀ ਹੈ। ਜਾਂਚ ਏਜੰਸੀ ਨੇ ਅਜੇ ਤੱਕ ਪਰਮਬੀਰ ਸਿੰਘ, ਸਚਿਨ ਵਜ਼ੇ, ਡੀਸੀਪੀ ਰਾਜੂ ਭੁਜਬਲ, ਏਸੀਪੀ ਸੰਜੈ ਪਾਟਿਲ, ਵਕੀਲ ਜਯਸ੍ਰੀ ਪਾਟਿਲ ਅਤੇ ਹੋਟਲ ਮਾਲਕ ਮਹੇਸ਼ ਸ਼ੈੱਟੀ ਦੇ ਬਿਆਨ ਦਰਜ ਕੀਤੇ ਹਨ। ਪਰਮਬੀਰ ਸਿੰਘ ਨੂੰ 17 ਮਾਰਚ ਨੂੰ ਮੁੰਬਈ ਪੁਲੀਸ ਕਮਿਸ਼ਨਰ ਦੇ ਅਹੁਦੇ ਤੋਂ ਹਟਾ ਕੇ ਹੋਮ ਗਾਰਡਜ਼ ਵਿਭਾਗ ਦਾ ਡਾਇਰੈਕਟਰ ਤਾਇਨਾਤ ਕੀਤਾ ਗਿਆ ਹੈ। ਦੇਸ਼ਮੁਖ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਹਾਈ ਕੋਰਟ ਦੇ ਹੁਕਮਾਂ ਮਗਰੋਂ 5 ਅਪਰੈਲ ਨੂੰ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। -ਪੀਟੀਆਈ