ਨਵੀਂ ਦਿੱੱਲੀ: ਈ-ਕਾਮਰਸ ਕੰਪਨੀ ਐਮਾਜ਼ੋਨ ਨੇ ਡੇਟਾ ਸੁਰੱਖਿਆ ਬਿੱਲ ਦੇ ਮਾਮਲੇ ’ਤੇ 28 ਅਕਤੂਬਰ ਨੂੰ ਸੰਸਦ ਦੀ ਜੁਆਇੰਟ ਕਮੇਟੀ ਅੱਗੇ ਪੇਸ਼ ਹੋਣ ਤੋਂ ਇਨਕਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਪੈਨਲ ਦੀ ਚੇਅਰਪਰਸਨ ਅਤੇ ਭਾਜਪਾ ਦੀ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੇ ਦੱਸਿਆ, ‘‘ਐਮਾਜ਼ੋਨ ਨੇ 28 ਅਕਤੂਬਰ ਨੂੰ ਪੈਨਲ ਅੱਗੇ ਪੇਸ਼ ਹੋਣ ਤੋਂ ਇਨਕਾਰ ਕੀਤਾ ਹੈ ਅਤੇ ਜੇਕਰ ਈ-ਕਾਮਰਸ ਕੰਪਨੀ ਵਲੋਂ ਕੋਈ ਵੀ ਪੈਨਲ ਅੱਗੇ ਪੇਸ਼ ਨਹੀਂ ਹੁੰਦਾ ਤਾਂ ਇਸ ਨਾਲ ਪੈਨਲ ਦੇ ਅਧਿਕਾਰਾਂ ਦੀ ਊਲੰਘਣਾ ਹੋਵੇਗੀ।’’ ਲੇਖੀ ਨੇ ਕਿਹਾ, ‘‘ਪੈਨਲ ਆਪਣੀ ਰਾਇ ’ਤੇ ਇਕਮੱਤ ਹੈ ਅਤੇ ਇਸ ਈ-ਕਾਮਰਸ ਕੰਪਨੀ ਖ਼ਿਲਾਫ਼ ਕਾਰਵਾਈ ਲਈ ਸਰਕਾਰ ਨੂੰ ਕਿਹਾ ਜਾ ਸਕਦਾ ਹੈ।’’ ਇਸੇ ਦੌਰਾਨ ਫੇਸਬੁੱਕ ਦੇ ਪਾਲਿਸੀ ਹੈੱਡ ਅਣਖੀ ਦਾਸ ਅੱਜ ਡੇਟਾ ਸੁਰੱਖਿਆ ਦੇ ਮਾਮਲੇ ’ਤੇ ਪੈਨਲ ਅੱਗੇ ਪੇਸ਼ ਹੋਏ। ਸੂਤਰਾਂ ਅਨੁਸਾਰ ਪੈਨਲ ਦੇ ਮੈਂਬਰਾਂ ਨੇ ਊਨ੍ਹਾਂ ਨੂੰ ਕੁਝ ਮੁਸ਼ਕਲ ਅਤੇ ਟੇਢੇ ਪ੍ਰਸ਼ਨ ਪੁੱਛੇ। ਬੈਠਕ ਦੌਰਾਨ ਇੱਕ ਮੈਂਬਰ ਨੇ ਸੁਝਾਅ ਦਿੱਤਾ ਕਿ ਇਸ ਸੋਸ਼ਲ ਮੀਡੀਆ ਕੰਪਨੀ ਨੂੰ ਆਪਣੇ ਵਰਤੋਕਾਰਾਂ ਦੇ ਡੇਟਾ ਤੋਂ ਅੰਦਾਜ਼ੇ ਲਗਾ ਕੇ ਆਪਣੀਆਂ ਇਸ਼ਤਿਹਾਰੀ ਕੰਪਨੀਆਂ ਦੇ ਫ਼ਾਇਦੇ ਲਈ ਨਹੀਂ ਵਰਤਣਾ ਚਾਹੀਦਾ। ਪੈਨਲ ਵਲੋਂ ਟਵਿੱਟਰ ਨੂੰ 28 ਅਕਤੂਬਰ ਅਤੇ ਗੂਗਲ ਤੇ ਪੇਅਟੀਐੱਮ ਨੂੰ 29 ਅਕਤੂਬਰ ਲਈ ਤਲਬ ਕੀਤਾ ਗਿਆ ਹੈ।
-ਪੀਟੀਆਈ