ਸ੍ਰੀਨਗਰ, 21 ਜੂਨ
ਜੰਮੂ ਕਸ਼ਮੀਰ ਦੇ ਉਪ-ਰਾਜਪਾਲ ਮਨੋਜ ਸਿਨਹਾ ਨੇ ਅੱਜ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਫ਼ੈਸਲਾ ਲਿਆ ਹੈ ਕਿ ਇਸ ਵਰ੍ਹੇ ਸਾਲਾਨਾ ਅਮਰਨਾਥ ਯਾਤਰਾ ਸੰਕੇਤਕ ਰੱਖੀ ਜਾਵੇਗੀ। 3880 ਮੀਟਰ ਦੀ ਉਚਾਈ ’ਤੇ ਹਿਮਾਲਿਆ ਪਰਬਤ ਵਿਚ ਸਥਿਤ ਅਮਰਨਾਥ ਦੀ ਗੁਫ਼ਾ ਦੀ 56 ਦਿਨਾਂ ਦੀ ਇਹ ਯਾਤਰਾ 28 ਜੂਨ ਤੋਂ ਸ਼ੁਰੂ ਕੇ 22 ਅਗਸਤ ਨੂੰ ਖ਼ਤਮ ਹੋਣੀ ਸੀ। ਇਹ ਯਾਤਰਾ ਦੋ ਰਸਤਿਆਂ ਪਹਿਲਗਾਮ ਤੇ ਬਾਲਟਾਲ ਰਾਹੀਂ ਹੁੰਦੀ ਹੈ। ਪਿਛਲੇ ਸਾਲ ਵੀ ਮਹਾਮਾਰੀ ਕਾਰਨ ਇਹ ਯਾਤਰਾ ਰੱਦ ਕਰ ਦਿੱਤੀ ਗਈ ਸੀ। ਸ੍ਰੀ ਸਿਨਹਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਧਾਰਮਿਕ ਸਥਾਨ ’ਤੇ ਸਵੇਰੇ-ਸ਼ਾਮ ਹੋਣ ਵਾਲੀ ਆਰਤੀ ’ਚ ਸ਼ਰਧਾਲੂਆਂ ਦੀ ਵਰਚੁਅਲ ਹਾਜ਼ਰੀ ਯਕੀਨੀ ਬਣਾਈ ਜਾਵੇ। ਇਸ ਤਰ੍ਹਾਂ ਸ਼ਰਧਾਲੂ ਦੂਰੋਂ ਹੀ ਇਸ ਧਾਰਮਿਕ ਸਥਾਨ ’ਤੇ ਮੱਥਾ ਟੇਕ ਸਕਣਗੇ। ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਯਾਤਰਾ ਸੰਕੇਤਕ ਰੱਖਣ ਦਾ ਫ਼ੈਸਲਾ ਸ੍ਰੀ ਅਮਰਨਾਥਜੀ ਸ਼ਰਾਈਨ ਬੋਰਡ ਦੇ ਮੈਂਬਰਾਂ ਨਾਲ ਚਰਚਾ ਕਰਨ ਤੋਂ ਬਾਅਦ ਲਿਆ ਗਿਆ ਹੈ। -ਪੀਟੀਆਈ