ਨਵੀਂ ਦਿੱਲੀ: ਇਥੋਂ ਦੀ ਅਦਾਲਤ ਨੇ ਦਿੱਲੀ ਵਕਫ਼ ਬੋਰਡ ਭਰਤੀ ਮਾਮਲੇ ’ਚ ਕਥਿਤ ਬੇਨਿਯਮੀਆਂ ਨਾਲ ਜੁੜੇ ਕੇਸ ’ਚ ‘ਆਪ’ ਵਿਧਾਇਕ ਅਮਾਨਤਉੱਲ੍ਹਾ ਖ਼ਾਨ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਵਿਸ਼ੇਸ਼ ਜੱਜ ਵਿਕਾਸ ਢੱਲ ਨੇ ਹੁਕਮ ਜਾਰੀ ਕਰਦਿਆਂ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਭਲਕੇ ਤੱਕ ਲਈ ਨਿਰਧਾਰਿਤ ਕਰ ਦਿੱਤੀ। ਇਸ ਤੋਂ ਪਹਿਲਾਂ ਅਦਾਲਤ ਨੇ 21 ਸਤੰਬਰ ਨੂੰ ਖ਼ਾਨ ਦਾ ਰਿਮਾਂਡ ਪੰਜ ਦਿਨਾਂ ਲਈ ਵਧਾਇਆ ਸੀ। ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਨੇ ਅਮਾਨਤਉੱਲ੍ਹਾ ਖ਼ਾਨ ਦੇ ਟਿਕਾਣਿਆਂ ’ਤੇ ਛਾਪੇ ਮਾਰਨ ਮਗਰੋਂ ਉਸ ਨੂੰ 16 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਐੱਫਆਈਆਰ ਮੁਤਾਬਕ ਖ਼ਾਨ ਨੇ ਦਿੱਲੀ ਵਕਫ਼ ਬੋਰਡ ਦਾ ਚੇਅਰਮੈਨ ਰਹਿੰਦਿਆਂ ਸਰਕਾਰੀ ਨੇਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਦਿਆਂ 32 ਵਿਅਕਤੀਆਂ ਨੂੰ ਭਰਤੀ ਕੀਤਾ ਸੀ। ਪੁਲੀਸ ਨੇ ਅਮਾਨਤਉੱਲ੍ਹਾ ਦੇ ਇੱਕ ਸਾਥੀ ਨੂੰ ਵੀ ਗਿ੍ਫ਼ਤਾਰ ਕੀਤਾ ਹੋਇਆ ਹੈ। -ਪੀਟੀਆਈ