ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਅਪਰੈਲ
ਆਲ ਇੰਡੀਆ ਕਿਸਾਨ ਸਭਾ ਦੀ ਮੀਟਿੰਗ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਅੱਜ ਸਿੰਘੂ ਬਾਰਡਰ ’ਤੇ ਹੋਈ, ਜਿਸ ਵਿੱਚ ਸੂਬਾ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ ਨੇ ਸੰਯੁਕਤ ਮੋਰਚੇ ਵੱਲੋਂ ਦਿੱਤੇ ਪੋ੍ਗਰਾਮਾਂ ਦੀ ਸਫਲਤਾ ਸਬੰਧੀ ਲਈ ਜਿਥੇ ਜਥੇਬੰਦੀ ਦੇ ਸਮੂਹ ਵਰਕਰਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਉਥੇ ਪੰਜਾਬ ਦੇ ਸਾਰੇ ਜ਼ਿਲ੍ਹਾ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਸੰਯੁਕਤ ਮੋਰਚਾ ਦੀਆਂ ਭਾਈਵਾਲ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਇਸ ਪੋ੍ਗਰਾਮ ਨੂੰ ਕਾਮਯਾਬ ਕਰਨ। ਕੇਂਦਰ ਸਰਕਾਰ ਦੇ ਐੱਫਸੀਆਈ ਰਾਹੀਂ ਕਣਕ ਦੀ ਖਰੀਦ ਸਬੰਧੀ ਜੋ ਅੜਿੱਕੇ ਡਾਹੇ ਜਾ ਰਹੇ ਹਨ,ਉਨ੍ਹਾਂ ਖ਼ਿਲਾਫ਼ 5 ਅਪਰੈਲ ਨੂੰ ਐੱਫਸੀਆਈ ਦਫਤਰਾਂ ਦਾ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਦੇ ਘਿਰਾਉ ਨੂੰ ਸਫਲ ਕਰਨ। ਅੱਜ ਦੀ ਮੀਟਿੰਗ ਵਿੱਚ ਲਖਬੀਰ ਸਿੰਘ ਨਿਜ਼ਾਮਪੁਰ, ਗੁਲਜ਼ਾਰ ਸਿੰਘ ਬਸੰਤ ਕੋਟ, ਮੇਜਰ ਸਿੰਘ ਜਲਾਲਾਬਾਦ, ਕੁਲਵੰਤ ਸਿੰਘ ਪਟਿਆਲਾ, ਚਰਨਜੀਤ ਸਿੰਘ ਮੁਕਤਸਰ, ਮਹਾਂਵੀਰ ਸਿੰਘ ਪੱਟੀ ਅਤੇ ਸੁਰਿੰਦਰ ਸਿੰਘ ਢੱਡੀਆਂ ਨੇ ਹਿੱਸਾ ਲਿਆ।