ਸ੍ਰੀਨਗਰ, 12 ਮਈ
ਨੈਸ਼ਨਲ ਕਾਨਫਰੰਸ (ਐੱਨਸੀ) ਤੇ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਨੇ ਸ੍ਰੀਨਗਰ ਲੋਕ ਸਭਾ ਹਲਕੇ ਵਿੱਚ ਚੋਣਾਂ ਤੋਂ ਇੱਕ ਦਿਨ ਪਹਿਲਾਂ ਦੋਵਾਂ ਪਾਰਟੀਆਂ ਦੇ ਕਾਰਕੁਨਾਂ ਨੂੰ ਕਥਿਤ ਤੰਗ-ਪ੍ਰੇਸ਼ਾਨ ਕਰਨ ਅਤੇ ਗ੍ਰਿਫ਼ਤਾਰੀਆਂ ਰੋਕਣ ਲਈ ਅੱਜ ਚੋਣ ਕਮਿਸ਼ਨ ਤੋਂ ਦਖ਼ਲ ਦੀ ਮੰਗ ਕੀਤੀ। ਸ੍ਰੀਨਗਰ ਲੋਕ ਸਭਾ ਸੀਟ ਤੋਂ ਪੀਡੀਪੀ ਦੇ ਉਮੀਦਵਾਰ ਵਹੀਦ ਪਾਰਾ ਨੇ ਭਾਰਤੀ ਪੁਲੀਸ ਸੇਵਾ (ਆਈਪੀਐੱਸ) ਦੇ ਇੱਕ ਸੀਨੀਅਰ ਅਧਿਕਾਰੀ ’ਤੇ ਉਨ੍ਹਾਂ ਖੇਤਰਾਂ ਵਿੱਚ ਘੱਟ ਵੋਟ ਪਾਉਣ ਲਈ ਨਿਰਦੇਸ਼ ਦੇਣ ਦਾ ਦੋਸ਼ ਲਾਇਆ ਜਿੱਥੇ ਪਾਰਟੀ ਦਾ ਮਜ਼ਬੂਤ ਆਧਾਰ ਹੈ। ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਕਮਿਸ਼ਨ ਨੂੰ ਲਿਖੇ ਪੱਤਰ ਵਿੱਚ ਕਿਹਾ, ‘‘’ਕੇਂਦਰ ਸਰਕਾਰ ਦੇ ਕੰਟਰੋਲ ਹੇਠ ਸੂਬਾਈ ਪ੍ਰਸ਼ਾਸਨ ਪੀਡੀਪੀ ਦੇ ਵੋਟਰਾਂ ਅਤੇ ਸਮਰਥਕਾਂ ਨੂੰ ਡਰਾਉਣ-ਧਮਕਾਉਣ ਦੀਆਂ ਗਤੀਵਿਧੀਆਂ ਵਿੱਚ ਲੱਗਾ ਹੋਇਆ ਹੈ।’’ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਨ੍ਹਾਂ ਰਿਪੋਰਟਾਂ ਤੋਂ ਕਾਫ਼ੀ ਪ੍ਰੇਸ਼ਾਨ ਹਨ ਕਿ ਸੁਰੱਖਿਆ ਏਜੰਸੀਆਂ ਪੁਲਵਾਮਾ ਅਤੇ ਸ਼ੋਪੀਆਂ ਜ਼ਿਲ੍ਹਿਆਂ ਵਿੱਚ ਪੀਡੀਪੀ ਕਾਰਕੁਨਾਂ ਖਿਲਾਫ਼ ਛਾਪੇ ਮਾਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੀਆਂ ਹਨ। ਪੀਡੀਪੀ ਮੁਖੀ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਵਿੱਚ ਧਾਂਦਲੀ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਤੁਰੰਤ ਕਾਰਵਾਈ ਕਰਨ।
ਇਸੇ ਤਰ੍ਹਾਂ ਦਾ ਪੱਤਰ ਐੱਨਸੀ ਉਮੀਦਵਾਰ ਆਗਾ ਰੁਹੂਲਾਹ ਮੇਹਦੀ ਨੇ ਚੋਣ ਕਮਿਸ਼ਨ ਨੂੰ ਲਿਖਿਆ। ਉਨ੍ਹਾਂ ਦਾਅਵਾ ਕੀਤਾ ਕਿ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਪਾਰਟੀ ਅਤੇ ਵਿਰੋਧੀ ਪੀਡੀਪੀ ਦੇ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਾਰਕੁਨਾਂ ਨੂੰ ਫੌਰੀ ਰਿਹਾਅ ਕਰਨ ਦੀ ਮੰਗ ਕੀਤੀ। ਸ਼ੀਆ ਆਗੂ ਨੇ ‘ਐਕਸ’ ’ਤੇ ਕਿਹਾ, “ਪੁਲੀਸ ਸਾਡੇ ਕਾਰਕੁਨਾਂ ਨੂੰ ਕੱਲ੍ਹ ਤੋਂ ਚੁੱਕ ਰਹੀ ਹੈ।’’ ਉਨ੍ਹਾਂ ਸਵਾਲ ਕੀਤਾ ਕਿ ਕੀ ਚੋਣ ਕਮਿਸ਼ਨ ਇਨ੍ਹਾਂ ਗ੍ਰਿਫ਼ਤਾਰੀਆਂ ਬਾਰੇ ਕੋਈ ਸਪੱਸ਼ਟੀਕਰਨ ਦੇਵੇਗਾ? ਮੇਹਦੀ ਨੇ ਕਾਰਕੁਨਾਂ ਨੂੰ ਫੌਰੀ ਰਿਹਾਅ ਕਰਨ ਦੀ ਮੰਗ ਕੀਤੀ। -ਪੀਟੀਆਈ