ਮੁੰਬਈ, 14 ਜੂਨ
‘ਗੋਲੀਓਂ ਕੀ ਰਾਸਲੀਲਾ ਰਾਮ-ਲੀਲਾ’ ਅਤੇ ‘ਟਾਇਲਟ: ਏਕ ਪ੍ਰੇਮ ਕਥਾ’ ਜਿਹੀਆਂ ਫ਼ਿਲਮਾਂ ਦੀ ਲੇਖਕ ਜੋੜੀ ਗਰਿਮਾ ਵਾਹਲ ਤੇ ਸਿਧਾਰਥ ਸਿੰਘ ਨੇ ਦੱਸਿਆ ਕਿ ਉਹ ਬੌਲੀਵੁੱਡ ਸਟਾਰ ਅਕਸ਼ੈ ਕੁਮਾਰ ਲਈ ਇਕ ‘ਵਿਲੱਖਣ’ ਕਾਮੇਡੀ ਫ਼ਿਲਮ ਲਿਖ ਰਹੇ ਹਨ। ਨਵੀਂ ਫ਼ਿਲਮ ਦੇ ਸੰਵਾਦ ਤੇ ਸਕਰੀਨ ਪਲੇਅ ਉਹ ਖ਼ੁਦ ਲਿਖਣਗੇ। ਉਨ੍ਹਾਂ ਕਿਹਾ ਕਿ ਹਾਲੇ ਪਟਕਥਾ ਲਿਖੀ ਜਾ ਰਹੀ ਹੈ। ਇਸ ਵਿੱਚ ਇਕ ਵਿਅਕਤੀ ਦੀ ਸ਼ਖ਼ਸੀਅਤ ਨੂੰ ਵੱਖਰੇ ਦ੍ਰਿਸ਼ਟੀਕੋਣ ਤੋਂ ਪਰਦੇ ਉਤੇ ਦਿਖਾਇਆ ਜਾ ਰਿਹਾ ਹੈ। ਇਸ ਰਾਹੀਂ ਦੱਸਿਆ ਜਾਵੇਗਾ ਕਿ ਕਿਵੇਂ ਇਸ ਨਾਲ ਰਿਸ਼ਤੇ ਪ੍ਰਭਾਵਿਤ ਹੁੰਦੇ ਹਨ। ਗਰਿਮਾ ਅਨੁਸਾਰ ਫ਼ਿਲਮ ਰਿਸ਼ਤਿਆਂ ਵਿਚ ਇਕ-ਦੂਜੇ ਨੂੰ ਸਵੀਕਾਰ ਕਰਨ ਦੀ ਬਾਤ ਪਾਵੇਗੀ। ਇਹ ਕਾਮੇਡੀ ਅਤੇ ਵਪਾਰਕ ਪ੍ਰਾਜੈਕਟ ਹੈ। ਅਕਸ਼ੈ ਨੂੰ ਫ਼ਿਲਮ ਦੀ ਕਹਾਣੀ ਪਸੰਦ ਆਈ ਤੇ ਉਨ੍ਹਾਂ ਇਸ ’ਤੇ ਕੰਮ ਕਰਨ ਦਾ ਫ਼ੈਸਲਾ ਲਿਆ। ਪ੍ਰਾਜੈਕਟ 2021 ਦੇ ਦੂਜੇ ਅੱਧ ਵਿਚ ਸ਼ੂਟ ਕੀਤਾ ਜਾਵੇਗਾ। -ਪੀਟੀਆਈ