ਨਵੀਂ ਦਿੱਲੀ, 5 ਅਕਤੂੁਬਰ
ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਵੀ.ਆਰ.ਚੌਧਰੀ ਨੇ ਅੱਜ ਕਿਹਾ ਕਿ ਕੋਇੰਬਟੂਰ ਸਥਿਤ ਭਾਰਤੀ ਹਵਾਈ ਸੈਨਾ ਦੀ ਸਿਖਲਾਈ ਅਕੈਡਮੀ ਵਿੱਚ ਕਥਿਤ ਜਿਨਸੀ ਹਮਲੇ ਦਾ ਸ਼ਿਕਾਰ ਮਹਿਲਾ ਦਾ ‘ਟੂ ਫਿੰਗਰ ਟੈਸਟ’ ਨਹੀਂ ਕੀਤਾ ਗਿਆ ਸੀ। ਹਵਾਈ ਸੈਨਾ ਮੁਖੀ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਇਸ ਕਥਿਤ ਜਬਰ-ਜਨਾਹ ਕੇਸ ਦੇ ਦੋਸ਼ੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਕ ਸਵਾਲ ਦੇ ਜਵਾਬ ਵਿੱਚ ਏਅਰ ਚੀਫ਼ ਮਾਰਸ਼ਲ ਚੌਧਰੀ ਨੇ ਕਿਹਾ, ‘‘ਮਹਿਲਾ ਦਾ ਟੂ ਫਿੰਗਰ ਟੈਸਟ ਨਹੀਂ ਕੀਤਾ ਗਿਆ ਸੀ।’’ ਤਾਮਿਲ ਨਾਡੂ ਪੁਲੀਸ ਵੱਲੋਂ ਕੀਤੀ ਸ਼ੁਰੂਆਤੀ ਜਾਂਚ ਮਗਰੋਂ ਸਥਾਨਕ ਕੋਰਟ ਨੇ ਭਾਰਤੀ ਹਵਾਈ ਸੈਨਾ ਨੂੰ ਇਸ ਕੇਸ ਦੀ ਮੁਕੰਮਲ ਜਾਂਚ ਕਰਨ ਦੀ ਖੁੱਲ੍ਹ ਦੇ ਦਿੱਤੀ ਸੀ। ਕਾਬਿਲੇਗੌਰ ਹੈ ਕਿ 10 ਸਤੰਬਰ ਨੂੰ ਕੋਇੰਬਟੂਰ ਵਿੱਚ ਭਾਰਤੀ ਹਵਾਈ ਸੈਨਾ ਦੇ ਇਕ ਅਧਿਕਾਰੀ ’ਤੇ ਉਸ ਦੀ ਮਹਿਲਾ ਕੁਲੀਗ(28) ਨੇ ਜਬਰ-ਜਨਾਹ ਕਰਨ ਦਾ ਦੋਸ਼ ਲਾਇਆ ਸੀ। ਇਸ ਮਹਿਲਾ ਅਧਿਕਾਰੀ ਨੇ ਭਾਰਤੀ ਹਵਾਈ ਸੈਨਾ ਅਥਾਰਿਟੀਜ਼ ’ਤੇ ਵੀ ਗੰਭੀਰ ਦੋਸ਼ ਲਾਏ ਸਨ। ਮਹਿਲਾ ਅਧਿਕਾਰੀ ਦਾ ਦਾਅਵਾ ਸੀ ਕਿ ਉਸ ’ਤੇ ਮੁਲਜ਼ਮ, ਜਿਸ ਦਾ ਅਹੁਦਾ ਫਲਾਈਟ ਲੈਫਟੀਨੈਂਟ ਦਾ ਹੈ, ਖ਼ਿਲਾਫ਼ ਦਿੱਤੀ ਸ਼ਿਕਾਇਤ ਵਾਪਸ ਲੈਣ ਲਈ ਨਾ ਸਿਰਫ਼ ਦਬਾਅ ਪਾਇਆ ਗਿਆ ਬਲਕਿ ਉਸ ਦਾ ‘ਟੂ ਫ਼ਿੰਗਰ’ ਟੈਸਟ ਵੀ ਕੀਤਾ ਗਿਆ। -ਪੀਟੀਆਈ