ਗੁਹਾਟੀ, 10 ਮਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਉਮੀਦ ਜ਼ਾਹਿਰ ਕੀਤੀ ਕਿ ਜਲਦੀ ਹੀ ਪੂਰੇ ਅਸਾਮ ’ਚੋਂ ਹਥਿਆਰਬੰਦ ਦਸਤਿਆਂ ਨੂੰ ਵਿਸ਼ੇਸ਼ ਤਾਕਤਾਂ ਦੇਣ ਵਾਲਾ ਕਾਨੂੰਨ (ਅਫਸਪਾ) ਹਟਾ ਲਿਆ ਜਾਵੇਗਾ ਕਿਉਂਕਿ ਬਿਹਤਰ ਕਾਨੂੰਨ ਪ੍ਰਬੰਧ ਤੇ ਦਹਿਸ਼ਤੀ ਜਥੇਬੰਦੀਆਂ ਨਾਲ ਸ਼ਾਂਤੀ ਸਮਝੌਤਿਆਂ ਕਾਰਨ ਪਹਿਲਾਂ ਹੀ ਰਾਜ ’ਚੋਂ ਇਸ ਨੂੰ ਅੰਸ਼ਿਕ ਤੌਰ ’ਤੇ ਹਟਾ ਦਿੱਤਾ ਗਿਆ ਹੈ। ਸੁਰੱਖਿਆ ਹਾਲਾਤ ’ਚ ਸੁਧਾਰ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਪੂਰਬ-ਉੱਤਰੀ ਰਾਜਾਂ ’ਚ ਅਫਸਪਾ ਅਧੀਨ ਆਉਣ ਵਾਲੇ ਗੜਬੜੀ ਵਾਲੇ ਇਲਾਕਿਆਂ ’ਚੋਂ ਹੌਲੀ-ਹੌਲੀ ਹਟਾਉਣਾ ਸ਼ੁਰੂ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਸਾਮ ਦੇ ਦੋ ਰੋਜ਼ਾ ਦੌਰੇ ’ਤੇ ਹਨ।
ਅਸਾਮ ਪੁਲੀਸ ਨੂੰ ਅੱਜ ‘ਪ੍ਰੈਜ਼ੀਡੈਂਟ ਕਲਰ’ ਨਾਲ ਸਨਮਾਨਿਤ ਕਰਨ ਮਗਰੋਂ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਤੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀਆਂ ਕੋਸ਼ਿਸ਼ਾਂ ਕਾਰਨ ਜ਼ਿਆਦਾਤਰ ਦਹਿਸ਼ਤੀ ਜਥੇਬੰਦੀਆਂ ਨੇ ਸ਼ਾਂਤੀ ਸਮਝੌਤਾ ਕੀਤਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਪੂਰਾ ਰਾਜ ਦਹਿਸ਼ਤਗਰਦੀ ਤੇ ਹਿੰਸਾ ਤੋਂ ਮੁਕਤ ਹੋ ਜਾਵੇਗਾ। ਉਨ੍ਹਾਂ ਕਿਹਾ, ‘23 ਜ਼ਿਲ੍ਹਿਆਂ ’ਚੋਂ ਅਫਸਪਾ ਪੂਰੀ ਤਰ੍ਹਾਂ ਤੇ ਇੱਕ ਜ਼ਿਲ੍ਹੇ ’ਚੋਂ ਅੰਸ਼ਿਕ ਤੌਰ ’ਤੇ ਹਟਾ ਦਿੱਤਾ ਗਿਆ ਹੈ। ਮੈਨੂੰ ਭਰੋਸਾ ਹੈ ਕਿ ਇਸ ਨੂੰ ਪੂਰੇ ਰਾਜ ’ਚੋਂ ਜਲਦੀ ਹੀ ਹਟਾ ਲਿਆ ਜਾਵੇਗਾ।’ ਗ੍ਰਹਿ ਮੰਤਰੀ ਨੇ ਕਿਹਾ ਕਿ ਜੋ ਲੋਕ ਆਤਮ ਸਮਰਪਣ ਕਰਕੇ ਮੁੱਖ ਧਾਰਾ ’ਚ ਮੁੜ ਆਏ ਹਨ, ਉਨ੍ਹਾਂ ਦੇ ਮੁੜ ਵਸੇਬੇ ਲਈ ਕੇਂਦਰ ਤੇ ਸੂਬਿਆਂ ਦੀਆਂ ਸਰਕਾਰਾਂ ਕੰਮ ਕਰ ਰਹੀਆਂ ਹਨ। -ਪੀਟੀਆਈ
ਮਮਤਾ ਸਰਕਾਰ ’ਤੇ ਲਾਇਆ ਸਹਿਯੋਗ ਨਾ ਕਰਨ ਦਾ ਦੋਸ਼
ਅਸਾਮ ’ਚ ਹਿਮੰਤ ਬਿਸਵਾ ਸਰਮਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਦੀ ਪਹਿਲੀ ਵਰ੍ਹੇਗੰਢ ਮੌਕੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਘੁਸਪੈਠ ਦੀ ਸਮੱਸਿਆ ਖਤਮ ਕਰਨ ਲਈ ਦ੍ਰਿੜ੍ਹ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮਸਲੇ ’ਤੇ ਬੰਗਾਲ ਦੀ ਸਰਕਾਰ ਕੇਂਦਰ ਨੂੰ ਸਹਿਯੋਗ ਨਹੀਂ ਦੇ ਰਹੀ। ਉਨ੍ਹਾਂ ਕਿਹਾ, ‘ਦੂਜੇ ਪਾਸੇ ਅਸਾਮ ਸਰਕਾਰ ਕੇਂਦਰ ਨਾਲ ਪੂਰੀ ਤਰ੍ਹਾਂ ਡਟ ਕੇ ਖੜ੍ਹੀ ਹੈ ਅਤੇ ਸਮੱਸਿਆ ਨਾਲ ਮਜ਼ਬੂਤੀ ਨਾਲ ਲੜ ਰਹੀ ਹੈ ਜਿਸ ਕਾਰਨ ਘੁਸਪੈਠ ਦੀਆਂ ਘਟਨਾਵਾਂ ’ਚ ਜ਼ਿਕਰਯੋਗ ਕਮੀ ਆਈ ਹੈ।’ ਗ੍ਰਹਿ ਮੰਤਰੀ ਨੇ ਬੀਤੇ ਦਿਨ ਕੀਤੇ ਅਸਾਮ ਦੇ ਮਨਕਾਚਰ ਸਥਿਤ ਭਾਰਤ-ਬੰਗਲਾਦੇਸ਼ ਸਰਹੱਦ ਦੇ ਦੌਰੇ ਦਾ ਜ਼ਿਕਰ ਕਰਦਿਆਂ ਕਿਹਾ, ‘ਸਾਰੇ ਅੰਕੜੇ ਦਸਦੇ ਹਨ ਕਿ ਅਸਾਮ ’ਚ ਘੁਸਪੈਠ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਕਮੀ ਆਈ ਹੈ। ਕੁਝ ਸਮੇਂ ਬਾਅਦ ਇਹ ਘੁਸਪੈਠ ਪੂਰੀ ਤਰ੍ਹਾ ਬੰਦ ਹੋ ਜਾਵੇਗੀ।’