ਬੰਗਲੌਰ, 14 ਜੂਨ
ਬੌਲੀਵੁੱਡ ਅਦਾਕਾਰ ਸ਼ਕਤੀ ਕਪੂਰ ਦਾ ਪੁੱਤਰ ਅਤੇ ਸਹਾਇਕ ਨਿਰਦੇਸ਼ਕ ਸਿਧਾਂਤ ਕਪੂਰ ਜਿਸ ਨੂੰ ਨਸ਼ਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ ਲੰਘੀ ਦੇਰ ਰਾਤ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਇਹ ਜਾਣਕਾਰੀ ਪੁਲੀਸ ਨੇ ਦਿੱਤੀ।
ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਅਦਾਕਾਰ ਅਤੇ ਚਾਰ ਹੋਰ ਵਿਅਕਤੀ ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ ਇਸ ਹਦਾਇਤ ਨਾਲ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਹੈ ਕਿ ਜਦੋਂ ਵੀ ਲੋੜ ਹੋਵੇਗੀ ਤਾਂ ਉਨ੍ਹਾਂ ਨੂੰ ਪੁਲੀਸ ਦੇ ਸਾਹਮਣੇ ਪੇਸ਼ ਹੋਣਾ ਹੋਵੇਗਾ। ਅਦਾਕਾਰਾ ਸ਼੍ਰਧਾ ਕਪੂਰ ਦੇ ਭਰਾ ਸਿਧਾਂਤ ਨੂੰ ਪੁਲੀਸ ਨੇ ਐਤਵਾਰ ਰਾਤ ਨੂੰ ਇੱਥੇ ਐੱਮ.ਜੀ. ਰੋਡ ’ਤੇ ਇਕ ਪੰਜ ਤਾਰਾ ਹੋਟਲ ਵਿੱਚ ਇਕ ਕਥਿਤ ਰੇਵ ਪਾਰਟੀ ਦੌਰਾਨ ਗ੍ਰਿਫ਼ਤਾਰ ਕੀਤਾ ਸੀ। ਡੀਸੀਪੀ ਡਾ. ਭੀਮਾਸ਼ੰਕਰ ਐੱਸ ਗੁਲੇਦ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਇਹ ਪੁਸ਼ਟੀ ਹੋ ਗਈ ਹੈ ਕਿ ਬੌਲੀਵੁੱਡ ਅਦਾਕਾਰ ਸਿਧਾਂਤ ਕਪੂਰ ਨੇ ਨਸ਼ਾ ਕੀਤਾ ਹੋਇਆ ਸੀ। ਬਲੱਡ ਟੈਸਟ ਰਿਪੋਰਟ ਵਿੱਚ ਨਸ਼ਾ ਕੀਤੇ ਹੋਣ ਦੀ ਪੁਸ਼ਟੀ ਹੋਈ ਹੈ।’’
ਪਾਰਟੀ ਦੌਰਾਨ ਮੌਜੂਦ ਲਗਪਗ 35 ਵਿਅਕਤੀਆਂ ਦਾ ਮੈਡੀਕਲ ਕੀਤਾ ਗਿਆ ਅਤੇ ਉਨ੍ਹਾਂ ਵਿੱਚੋਂ ਸਿਧਾਂਤ ਸਣੇ ਪੰਜ ਜਣਿਆਂ ਵੱਲੋਂ ਨਸ਼ਾ ਕੀਤੇ ਹੋਣ ਦੀ ਪੁਸ਼ਟੀ ਹੋਈ ਹੈ। ਛਾਪੇ ਦੌਰਾਨ ਪੁਲੀਸ ਨੇ ਪਾਰਟੀ ਵਾਲੀ ਜਗ੍ਹਾ ਤੋਂ ਨਸ਼ੇ ਦੀਆਂ ਸੱਤ ਗੋਲੀਆਂ ਅਤੇ ਗਾਂਜੇ ਦਾ ਇਕ ਪੈਕੇਟ ਵੀ ਜ਼ਬਤ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀ ਧਾਰਾ 22ਏ, 22ਬੀ ਅਤੇ 27ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ