ਨਵੀਂ ਦਿੱਲੀ, 16 ਮਾਰਚ
ਰਾਜ ਸਭਾ ਨੇ ਅੱਜ ਗਰਭਪਾਤ ਸਬੰਧੀ ਸੋਧ ਬਿੱਲ (ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ (ਸੋਧ) ਐਕਟ-2020) ਪਾਸ ਕਰ ਦਿੱਤਾ ਹੈ ਜਿਸ ’ਚ ਗਰਭਪਾਤ ਲਈ ਮਨਜ਼ੂਰ ਹੱਦ ਮੌਜੂਦਾ 20 ਹਫ਼ਤਿਆਂ ਤੋਂ ਵਧਾ ਕੇ 24 ਹਫ਼ਤੇ ਕਰਨ ਦੀ ਤਜਵੀਜ਼ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਹਰਸ਼ਵਰਧਨ ਨੇ ਸਦਨ ’ਚ ਇਸ ਬਿੱਲ ’ਤੇ ਹੋਈ ਚਰਚਾ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਬਿੱਲ ਲੰਮੀ-ਚੌੜੀ ਵਿਚਾਰ-ਚਰਚਾ ਮਗਰੋਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਮੰਤਰਾਲਿਆਂ ਤੋਂ ਇਲਾਵਾ ਸੂਬਾ ਸਰਕਾਰਾਂ, ਵੱਖ ਵੱਖ ਧਿਰਾਂ, ਐੱਨਜੀਓਜ਼, ਡਾਕਟਰਾਂ ਤੇ ਮਹਿਲਾ ਡਾਕਟਰਾਂ ਦੀਆਂ ਜਥੇਬੰਦੀਆਂ ਨਾਲ ਇਸ ਬਾਰੇ ਚਰਚਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਚਰਚਾ ਲਈ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਦੀ ਅਗਵਾਈ ਹੇਠ ਮੰਤਰੀਆਂ ਦੇ ਇੱਕ ਸਮੂਹ ਦਾ ਗਠਨ ਕੀਤਾ ਗਿਆ ਸੀ। ਇਸ ਮਗਰੋਂ ਇਸ ਨੂੰ ਬਿੱਲ ਦਾ ਰੂਪ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ’ਚ ਇਸ ’ਤੇ ਵਿਸਥਾਰਤ ਚਰਚਾ ਹੋਈ ਸੀ ਜਿਸ ਮਗਰੋਂ ਇਹ ਬਿੱਲ ਪਾਸ ਕੀਤਾ ਗਿਆ ਸੀ। -ਪੀਟੀਆਈ