ਕੋਚੀ, 1 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ’ਚ ਭ੍ਰਿਸ਼ਟ ਲੋਕਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ਕਾਰਨ ਕੌਮੀ ਸਿਆਸਤ ’ਚ ਨਵਾਂ ਧਰੁਵੀਕਰਨ ਹੋਇਆ ਹੈ ਅਤੇ ਕੁਝ ਸਿਆਸੀ ਸਮੂਹ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਬਚਾਉਣ ਲਹੀ ਇੱਕ ਧੜੇ ’ਚ ਸੰਗਠਿਤ ਹੋਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਆਪਣੇ ਦੋ ਰੋਜ਼ਾ ਦੌਰੇ ’ਤੇ ਇੱਥੇ ਪਹੁੰਚੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਵਿਕਾਸ ਤੇ ਨੌਜਵਾਨਾਂ ਦੇ ਹਿੱਤਾਂ ਦੇ ਰਾਹ ’ਚ ਸਭ ਤੋਂ ਵੱਡਾ ਅੜਿੱਕਾ ਹੈ। ਉਨ੍ਹਾਂ ਕਿਹਾ, ‘ਮੈਂ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਕਿਹਾ ਸੀ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਫ਼ੈਸਲਾਕੁਨ ਲੜਾਈ ਲੜਨ ਦਾ ਸਮਾਂ ਆ ਗਿਆ ਹੈ। ਹਾਲਾਂਕਿ ਅਸੀਂ ਦੇਖ ਰਹੇ ਹਾਂ ਕਿ ਜਿਵੇਂ ਜਿਵੇਂ ਅਸੀਂ ਭ੍ਰਿਸ਼ਟ ਲੋਕਾਂ ਖ਼ਿਲਾਫ਼ ਕਾਰਵਾਈ ਕਰ ਰਹੇ ਹਾਂ, ਦੇਸ਼ ਦੀ ਸਿਆਸਤ ’ਚ ਨਵਾਂ ਧਰੁਵੀਕਰਨ ਹੋ ਰਿਹਾ ਹੈ।’ ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਆਦਿ ਸ਼ੰਕਰ ਜਨਮ ਭੂਮੀ ਖੇਤਰ ਦੀ ਯਾਤਰਾ ਵੀ ਕੀਤੀ। -ਪੀਟੀਆਈ
‘ਅਨੇਕਤਾ ਵਿੱਚ ਏਕਤਾ’ ਉਤਸਵ ਮਨਾਏਗੀ ਭਾਜਪਾ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਦੇ ਸਬੰਧ ਵਿੱਚ ਦੋ ਹਫ਼ਤੇ ਤੱਕ ਚੱਲਣ ਵਾਲੀ ‘ਸੇਵਾ’ ਮੁਹਿੰਮ ਤਹਿਤ ਸਾਰੇ ਜ਼ਿਲ੍ਹਿਆਂ ਵਿੱਚ ‘ਅਨੇਕਤਾ ’ਚ ਏਕਤਾ’ ਉਤਸਵ ਕਰਾਏਗੀ। ਇਹ ਮੁਹਿੰਮ 17 ਸਤੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ ਮੌਕੇ ਸ਼ੁਰੂ ਹੋਵੇਗੀ ਤੇ ਦੋ ਅਕਤੂਬਰ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜੈਅੰਤੀ ਮੌਕੇ ਸਮਾਪਤ ਹੋਵੇਗੀ। -ਪੀਟੀਆਈ