ਮੁੰਬਈ, 24 ਨਵੰਬਰ
ਆਲ ਇੰਡੀਆ ਬੈਂਕ ਐਂਪਲਾਈਜ਼ ਐਸੋਸੀਏਸ਼ਨ (ਏਆਈਬੀਈਏ) ਨੇ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਸਰਕਾਰ ਦੀਆਂ ਕਿਰਤੀਆਂ ਵਿਰੋਧੀ ਨੀਤੀਆਂ ਨੂੰ ਲੈ ਕੇ ਦਿੱਤੇ ਇਕ ਦਿਨਾ ਦੇਸ਼ਿਵਆਪੀ ਹੜਤਾਲ ਦੇ ਸੱਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। 26 ਨਵੰਬਰ ਦੀ ਇਸ ਦੇਸ਼ ਪੱਧਰੀ ਹੜਤਾਲ ਵਿੱਚ ਭਾਰਤੀ ਮਜ਼ਦੂਰ ਸੰਘ ਨੂੰ ਛੱਡ ਕੇ ਦਸ ਕੇਂਦਰੀ ਟਰੇਡ ਯੂਨੀਅਨਾਂ ਸ਼ਿਰਕਤ ਕਰਨਗੀਆਂ। ਇਸ ਦੌਰਾਨ ਕੇਂਦਰੀ ਟਰੇਡ ਯੂਨੀਅਨਾਂ ਨੇ 26 ਨਵੰਬਰ ਦੀ ਦੇਸ਼ ਵਿਆਪੀ ਹੜਤਾਲ ਵਿੱਚ 25 ਕਰੋੜ ਵਰਕਰਾਂ ਦੇ ਸ਼ਾਮਲ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਯੂਨੀਅਨਾਂ ਨੇ ਕਿਹਾ ਕਿ ਇਕ ਰੋਜ਼ਾ ਹੜਤਾਲ ਲਈ ਤਿਆਰੀਆਂ ਜ਼ੋਰਾਂ ’ਤੇ ਹਨ। ਏਆਈਬੀਈਏ ਨੇ ਇਕ ਪ੍ਰੈੱਸ ਬਿਆਨ ਵਿੱਚ ਕਿਹਾ, ‘ਲੋਕ ਸਭਾ ਨੇ ਹਾਲ ਹੀ ਵਿੱਚ ‘ਕਾਰੋਬਾਰ ਨੂੰ ਸੁਖਾਲਾ’ ਬਣਾਉਣ ਦੇ ਨਾਂ ’ਤੇ ਮੌਜੂਦਾ 27 ਐਕਟਾਂ ਨੂੰ ਰੱਦ ਕਰਕੇ ਤਿੰਨ ਨਵੇਂ ਕਿਰਤ ਕਾਨੂੰਨ ਪਾਸ ਕੀਤੇ ਹਨ, ਜੋ ਕਿ ਪੂਰੀ ਤਰ੍ਹਾਂ ਕਾਰਪੋਰੇਟ ਹਿਤਾਂ ਨੂੰ ਪੂਰਦੇ ਹਨ। ਇਨ੍ਹਾਂ ਨਵੇਂ ਕਾਨੂੰਨਾਂ ਤਹਿਤ ਕੋਈ ਕਾਨੂੰਨੀ ਸੁਰੱਖਿਆ ਨਾ ਹੋਣ ਕਰਕੇ 75 ਫੀਸਦ ਕਾਮਿਆਂ ਨੂੰ ਕਿਰਤ ਕਾਨੂੰਨਾਂ ਦੇ ਘੇਰੇ ’ਚੋਂ ਬਾਹਰ ਧੱਕਿਆ ਜਾ ਰਿਹਾ ਹੈ।’ ਏਆਈਬੀਈਏ ਭਾਰਤੀ ਸਟੇਟ ਬੈਂਕ ਤੇ ਇੰਡੀਅਨ ਓਵਰਸੀਜ਼ ਬੈਂਕ ਨੂੰ ਛੱਡ ਕੇ ਹੋਰਨਾਂ ਕਈ ਪ੍ਰਮੁੱਖ ਬੈਂਕਾਂ ਦੀ ਨੁਮਾਇੰਦਗੀ ਕਰਦੀ ਹੈ। ਐਸੋਸੀਏਸ਼ਨ ਦੇ ਚਾਰ ਲੱਖ ਬੈਂਕ ਮੁਲਾਜ਼ਮ ਮੈਂਬਰ ਹਨ ਤੇ ਇਨ੍ਹਾਂ ਵਿੱਚ ਕੁਝ ਵਿਦੇਸ਼ੀ ਬੈਂਕਾਂ ਦੇ ਮੈਂਬਰ ਵੀ ਸ਼ਾਮਲ ਹਨ। ਇਨ੍ਹਾਂ ਦਸ ਟਰੇਡ ਯੂਨੀਅਨਾਂ ਵਿੱਚ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (ਇੰਟਕ), ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਆਈਟੀਯੂਸੀ), ਹਿੰਦ ਮਜ਼ਦੂਰ ਸਭਾ (ਐੱਚਐੱਮਐੱਸ), ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਜ਼ (ਸੀਆਈਟੀਯੂ), ਆਲ ਇੰਡੀਆ ਯੂਨਾਈਟਿਡ ਟਰੇਡ ਯੂਨੀਅਨ ਸੈਂਟਰ (ਏਆਈਯੂਟੀਯੂਸੀ), ਟਰੇਡ ਯੂਨੀਅਨ ਕੋਆਰਡੀਨੇਸ਼ਨ ਸੈਂਟਰ (ਟੀਯੂਸੀਸੀ), ਸੈਲਫ ਐਂਪਲਾਇਡ ਵਿਮੈੱਨਜ਼ ਐਸੋਸੀਏਸ਼ਨ (ਸੇਵਾ), ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨਜ਼ (ਏਆਈਸੀਸੀਟੀਯੂ), ਲੇਬਰ ਪ੍ਰੋਗਰੈਸਿਵ ਫੈਡਰੇਸ਼ਨ (ਐੱਲਪੀਐੱਫ) ਤੇ ਯੂਨਾਈਟਿਡ ਟਰੇਡ ਯੂਨੀਅਨ ਕਾਂਗਰਸ (ਯੂਟੀਯੂਸੀ) ਸ਼ਾਮਲ ਹਨ। ਇਸ ਸਾਂਝੇ ਮੰਚ ਵਿੱਚ ਕੁਝ ਆਜ਼ਾਦ ਫੈਡਰੇਸ਼ਨਾਂ ਤੇ ਐਸੋਸੀਏਸ਼ਨਾਂ ਵੀ ਸ਼ਾਮਲ ਹਨ। -ਪੀਟੀਆਈ