ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ 118 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ 2018 ਵਿੱਚ ਇੱਕ ਕਾਰੋਬਾਰੀ ਤੋਂ ਕਥਿਤ 1 ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਦੇਸ਼ ਵਪਾਰ ਦੇ ਸੰਯੁਕਤ ਡਾਇਰੈਕਟਰ ਜਨਰਲ (ਡੀਜੀਐੱਫਟੀ) ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਡੀਜੀਐੱਫ ਸਾਂਬਾਜੀ ਏ. ਚਵਾਨ ਤੇ ਡਿਪਟੀ ਡੀਜੀਐੱਫਟੀ ਪ੍ਰਕਾਸ਼ ਐੱਸ. ਕਾਂਬਲੇ (ਕ੍ਰਮਵਾਰ 2008 ਅਤੇ 2013 ਬੈਚ ਦੇ ਭਾਰਤੀ ਵਪਾਰ ਸੇਵਾਵਾਂ ਅਧਿਕਾਰੀਆਂ) ਤੇ ਕਾਰੋਬਾਰੀ ਰਮੇਸ਼ ਮਨੋਹਰ ਚਵਾਨ ਸਣੇ ਹੋਰਨਾਂ ਖ਼ਿਲਾਫ਼ ਦਰਜ ਐਫਆਈਆਰ ਤਹਿਤ ਦਿੱਲੀ, ਦਮਨ, ਮੁੰਬਈ ਤੇ ਪੁਣੇ ਵਿੱਚ 9 ਥਾਈਂ ਛਾਪੇ ਮਾਰੇ ਗਏ। ਐੱਫਆਈਆਰ ਅਨੁਸਾਰ ਦੋਸ਼ ਹੈ ਕਿ ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ ਵੱਲੋਂ ‘ਪੂੰਜੀਗਤ ਮਸ਼ੀਨਰੀ’ ਦੀ ਦਰਾਮਦ ਲਈ ਰਾਧਾ ਮਾਧਵ ਕਾਰਪੋਰੇਸ਼ਨ ਲਿਮਟਿਡ (ਆਰਐੱਮਸੀਐੱਲ) ਨਾਮ ’ਤੇ ਅੱਠ ਬਰਾਮਦ ਪ੍ਰਮੋਸ਼ਨ ਕ੍ਰੈਡਿਟ ਗਾਰੰਟੀ (ਈਪੀਸੀਜੀ) ਲਾਇਸੈਂਸ ਜਾਰੀ ਕੀਤੇ ਗਏ ਸਨ ਅਤੇ ਯੋਜਨਾ ਮੁਤਾਬਕ ਆਰਐੱਮਸੀਐੱਲ ’ਤੇ ਦਰਾਮਦ ਮਾਲ ’ਤੇ ਬਚਾਈ ਗਈ ਡਿਊਟੀ ਦੇ ਮੁੱਲ ਤੋਂ ਅੱਠ ਗੁਣਾ ਬਰਾਮਦ ਕਰਨ ਦੀ ਜ਼ਿੰਮੇਵਾਰੀ ਸੀ। ਸੀਬੀਆਈ ਨੇ ਦੋਸ਼ ਲਾਇਆ ਆਰਐੱਮਸੀਐੱਲ ਵੱਲੋਂ ਬਰਾਮਦ ਵਸਤਾਂ ’ਤੇ ਬਚਾਈ ਗਈ ਕੁੱਲ ਕਰ ਰਾਸ਼ੀ 16.81 ਕਰੋੜ ਰੁਪਏ ਸੀ ਜਦਕਿ ਕੰਪਨੀ ਨੂੰ 135 ਕਰੋੜ ਰੁਪਏ ਦਾ ਸਾਮਾਨ ਦਰਾਮਦ ਕਰਨ ਦੀ ਲੋੜ ਸੀ। -ਪੀਟੀਆਈ