ਜੰਮੂ, 6 ਜੂਨ
ਜੰਮੂ ਪ੍ਰਾਂਤ ਵਿੱਚ ਕੰਟਰੋਲ ਰੇਖਾ ਅਤੇ ਕੌਮਾਂਤਰੀ ਸਰਹੱਦ ਨੇੜੇ ਰਹਿੰਦੇ ਲੋਕਾਂ ਦੀ ਸੁਰੱਖਿਆ ਲਈ ਲਗਪਗ 8,000 ਜ਼ਮੀਨਦੋਜ਼ ਬੰਕਰ ਬਣ ਕੇ ਤਿਆਰ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਜੰਮੂ, ਕਠੂਆ ਤੇ ਸਾਂਬਾ ਦੇ ਕੌਮਾਂਤਰੀ ਸਰਹੱਦ ਨਾਲ ਸਥਿਤ ਪਿੰਡਾਂ ਅਤੇ ਪੁਣਛ ਤੇ ਰਾਜੌਰੀ ਜ਼ਿਲ੍ਹਿਆਂ ਦੇ ਕੰਟਰੋਲ ਰੇਖਾ ਨੇੜਲੇ ਪਿੰਡਾਂ ਦੇ ਵਸਨੀਕਾਂ ਲਈ 14,460 ਨਿੱਜੀ ਤੇ ਸਾਂਝੇ ਬੰਕਰ ਬਣਾਉਣ ਲਈ ਮਨਜ਼ੂਰੀ ਦਿੱਤੀ ਸੀ। ਮਗਰੋਂ, ਹੋਰ ਜ਼ਿਆਦਾ ਲੋਕਾਂ ਦੀ ਸੁਰੱਖਿਆ ਲਈ ਸਰਕਾਰ ਨੇ 4,000 ਹੋਰ ਬੰਕਰ ਬਣਾਉਣ ਲਈ ਮਨਜ਼ੂਰੀ ਦੇ ਦਿੱਤੀ ਸੀ। ਇੱਕ ਸਰਕਾਰੀ ਬੁਲਾਰੇ ਨੇ ਦੱਸਿਆ,‘ਡਿਵੀਜ਼ਨ (ਜੰਮੂ) ਵਿੱਚ ਕੁੱਲ 7,923 ਬੰਕਰ ਬਣ ਕੇ ਤਿਆਰ ਹੋ ਚੁੱਕੇ ਹਨ, ਜਿਨ੍ਹਾਂ ਵਿੱਚ 6,964 ਨਿੱਜੀ ਅਤੇ 959 ਸਾਂਝੇ ਬੰਕਰ ਸ਼ਾਮਲ ਹਨ।’ ਇਹ ਜਾਣਕਾਰੀ ਇੱਥੇ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਾਘਵ ਲੰਗੇਰ ਵੱਲੋਂ ਇਕ ਮੀਟਿੰਗ ਵਿੱਚ ਇਨ੍ਹਾਂ ਬੰਕਰਾਂ ਦੀ ਉਸਾਰੀ ਸਬੰਧੀ ਸਮੀਖਿਆ ਦੌਰਾਨ ਸਾਂਝੀ ਕੀਤੀ ਗਈ।
ਇਸ ਵਰ੍ਹੇ 25 ਫਰਵਰੀ ਨੂੰ ਭਾਰਤ ਤੇ ਪਾਕਿਸਤਾਨ ਵੱਲੋਂ ਸਰਹੱਦਾਂ ’ਤੇ ਸ਼ਾਂਤੀ ਕਾਇਮ ਰੱਖਣ ਸਬੰਧੀ ਕੀਤੇ ਗਏ ਇਕ ਤਾਜ਼ਾ ਸਮਝੌਤੇ ਮਗਰੋਂ ਪਿਛਲੇ ਤਿੰਨ ਮਹੀਨਿਆਂ ਵਿੱਚ ਵੱਡੇ ਪੱਧਰ ’ਤੇ ਗੋਲੀਬੰਦੀ ਦੀ ਕੋਈ ਉਲੰਘਣਾ ਨਹੀਂ ਹੋਈ ਹੈ। ਬੁਲਾਰੇ ਨੇ ਦੱਸਿਆ ਕਿ 9,905 ਬੰਕਰਾਂ ਦੀ ਉਸਾਰੀ ਸਬੰਧੀ ਵੀ ਕੰਮ ਚੱਲ ਰਿਹਾ ਹੈ। ਡਿਪਟੀ ਕਮਿਸ਼ਨਰਾਂ ਨੇ ਦੱਸਿਆ ਕਿ ਸਾਂਬਾ ਵਿੱਚ 1,592, ਜੰਮੂ ਵਿੱਚ 1,228, ਕਠੂਆ ਵਿੱਚ 1,521 ਤੇ ਰਾਜੌਰੀ ਵਿੱਚ 2,656 ਅਤੇ ਪੁਣਛ ਵਿੱਚ 926 ਬੰਕਰ ਬਣ ਕੇ ਤਿਆਰ ਹਨ। -ਪੀਟੀਆਈ