ਨਵੀਂ ਦਿੱਲੀ: ਸਿੱਧੇ ਕਰਾਂ ਬਾਰੇ ਕੇਂਦਰੀ ਬੋਰਡ ਨੇ ਅੱਜ ਕਿਹਾ ਕਿ ਆਮਦਨ ਕਰ ਵਿਭਾਗ ਨੇ ਇਕ ਉੱਘੇ ਸਿਵਲ ਉਸਾਰੀ ਗਰੁੱਪ ’ਤੇ ਹਾਲ ਹੀ ਵਿੱਚ ਕੀਤੀ ਛਾਪੇਮਾਰੀ ਦੌਰਾਨ 70 ਕਰੋੜ ਰੁਪਏ ਤੋਂ ਵੱਧ ਦੇ ਕਾਲੇ ਧਨ ਦਾ ਪਤਾ ਲਾਇਆ ਹੈ। ਸੀਬੀਡੀਟੀ ਨੇ ਕਿਹਾ ਕਿ 28 ਅਕਤੂਬਰ ਨੂੰ ਇਹ ਛਾਪੇ ਉੱਤਰੀ ਕਰਨਾਟਕ ਵਿੱਚ ਵੱਖ ਵੱਖ ਟਿਕਾਣਿਆਂ ’ਤੇ ਮਾਰੇ ਗਏ ਸਨ। ਸੀਬੀਡੀਟੀ ਨੇ ਇਕ ਬਿਆਨ ਵਿੱਚ ਦਾਅਵਾ ਕੀਤਾ, ‘‘ਛਾਪਿਆਂ ਦੌਰਾਨ 70 ਕਰੋੜ ਰੁਪਏ ਤੋਂ ਵੱਧ ਦੇ ਕਾਲੇ ਧਨ ਤੋਂ ਪਰਦਾ ਚੁੱਕਿਆ ਗਿਆ ਹੈ, ਤੇ ਸਬੰਧਤ ਗਰੁੱਪ ਨੇ ਇਹ ਪੈਸਾ ਆਪਣੀ ਆਮਦਨ ਵਿੱਚ ਨਹੀਂ ਦਰਸਾਇਆ ਸੀ।’’ ਸੀਬੀਡੀਟੀ ਨੇ ਕਿਹਾ ਕਿ ਗਰੁੱਪ ਨੇ ਆਪਣੇ ਮੁਨਾਫ਼ੇ ਨੂੰ ਲੁਕਾਉਣ ਲਈ ਮੈਟੀਰੀਅਲ ਦੀ ਖਰੀਦ, ਕਿਰਤ ਖਰਚਿਆਂ ਤੇ ਅੱਗੇ ਠੇਕੇਦਾਰਾਂ ਨੂੰ ਕੀਤੀਆਂ ਅਦਾਇਗੀਆਂ ਨੂੰ ‘ਬੋਗਸ’ ਰੂਪ ਵਿੱਚ ਵਿਖਾਇਆ। -ਪੀਟੀਆਈ