ਨਵੀਂ ਦਿੱਲੀ, 2 ਮਾਰਚ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਯੁੱਧ ਪ੍ਰਭਾਵਿਤ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਬਚਾਉਣ ਲਈ ਭਾਰਤ ਦੇ ਅਪਰੇਸ਼ਨ ਗੰਗਾ’ ਤਹਿਤ ਪਿਛਲੇ 24 ਘੰਟਿਆਂ ਵਿੱਚ ਛੇ ਉਡਾਣਾਂ ਭਾਰਤ ਲਈ ਰਵਾਨਾ ਹੋਈਆਂ ਹਨ। ‘ਅਪਰੇਸ਼ਨ ਗੰਗਾ’ ਤਹਿਤ ਭਾਰਤੀਆਂ ਨੂੰ ਜ਼ਮੀਨੀ ਸਰਹੱਦਾਂ ਰਾਹੀਂ ਯੂਕਰੇਨ ਛੱਡ ਕੇ ਹੰਗਰੀ, ਰੋਮਾਨੀਆ, ਪੋਲੈਂਡ ਅਤੇ ਸਲੋਵਾਕੀਆ ਤੋਂ ਹਵਾਈ ਜਹਾਜ਼ ਰਾਹੀਂ ਘਰ ਲਿਆਂਦਾ ਜਾ ਰਿਹਾ ਹੈ। ਸ੍ਰੀ ਜੈਸ਼ੰਕਰ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਭਾਰਤ ਲਈ ਰਵਾਨਾ ਹੋਈਆਂ ਉਡਾਣਾਂ ਵਿੱਚ ਪੋਲੈਂਡ ਤੋਂ ਪਹਿਲੀ ਉਡਾਣ ਵੀ ਸ਼ਾਮਲ ਸੀ।