ਗੁਹਾਟੀ, 2 ਜੂਨ
ਆਸਾਮ ਵਿੱਚ ਹੜ੍ਹਾਂ ਕਾਰਨ ਸਥਿਤੀ ਗੰਭੀਰ ਬਣੀ ਹੋਈ ਹੈ ਅਤੇ ਲੱਗਪਗ 45.34 ਲੱਖ ਲੋਕ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬ੍ਰਹਮਪੁੱਤਰ ਅਤੇ ਬਰਾਕ ਨਦੀਆਂ ਸਣੇ ਹੋਰ ਸਹਾਇਕ ਨਦੀਆਂ ਵਿੱਚ ਪਾਣੀ ਚੜ੍ਹਿਆ ਹੋਇਆ ਹੈ ਜਦਕਿ ਕੁਝ ਇਲਾਕਿਆਂ ਵਿੱਚ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਲੰਘੇ 24 ਘੰਟਿਆਂ ਵਿੱਚ 7 ਹੋਰ ਮੌਤਾਂ ਹੋਣ ਨਾਲ ਹੜ੍ਹਾਂ ਕਾਰਨ ਮ੍ਰਿਤਕਾਂ ਦਾ ਅੰਕੜਾ ਵਧ ਕੇ 108 ਹੋ ਗਿਆ ਹੈ। ਇੱਕ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਸਿਲਚਰ ਵਿੱਚ ਬਹੁਤੇ ਇਲਾਕੇ ਪਾਣੀ ’ਚ ਡੁੱਬੇ ਹੋਏ ਅਤੇ ਸਥਿਤੀ ਖ਼ਤਰੇ ਵਾਲੀ ਬਣੀ ਹੋਈ ਹੈ। ਆਸਾਮ ਸਟੇਟ ਆਫ਼ਤ ਪ੍ਰਬੰਧਨ ਅਥਾਰਿਟੀ (ਏਐੱਸਡੀਐੱਮਏ) ਨੇ ਦੱਸਿਆ ਕਿ ਕਛਾਰ ਜ਼ਿਲ੍ਹੇ ਵਿੱਚ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਗਈ ਹੈ। ਅਧਿਕਾਰੀਆਂ ਮੁਤਾਬਕ ਤਿੰਨ ਲੱਖ ਲੋਕਾਂ ਨੂੰ ਖਾਣੇ, ਪੀਣ ਵਾਲੇ ਪਾਣੀ ਅਤੇ ਦਵਾਈਆਂ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਾਕ ਅਤੇ ਕੁਸ਼ੀਆਰਾ ਨਦੀਆਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਘਾਟੀ ਦੇ ਤਿੰਨ ਜ਼ਿਲ੍ਹੇ ਕਛਾਰ, ਹੈਲਾਕੰਢੀ ਅਤੇ ਕਰੀਮਗੰਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਸੇ ਦੌਰਾਨ ਸੂਬੇ ਵਿੱਚ 10 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 118 ਹੋ ਗਈ ਹੈ। ਨਵੀਂਆਂ ਦਸ ਮੌਤਾਂ ਵਿੱਚ ਬਾਰਪੇਟਾ, ਧੁਬਰੀ, ਕਰੀਮਗੰਜ ਅਤੇ ਉਡਾਲਗਿਰੀ ਜ਼ਿਲ੍ਹਿਆਂ ਵਿੱਚ ਦੋ-ਦੋ ਜਦਕਿ ਕਛਾਰ ਅਤੇ ਮੋਰੀਗਾਓਂ ਵਿੱਚ ਇੱਕ-ਇੱਕ ਮੌਤ ਹੋਈ ਹੈ। -ਪੀਟੀਆਈ