ਬਿਲਾਸਪੁਰ: ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ’ਚ ਪੰਚਾਇਤੀ ਇਮਾਰਤ ਦੇ ਛੋਟੇ ਜਿਹੇ ਕਮਰੇ ’ਚ ਬੰਦ 43 ਗਊਆਂ ਦਮ ਘੁਟਣ ਕਰ ਕੇ ਮਰ ਗਈਆਂ। ਬਿਲਾਸਪੁਰ ਦੇ ਕੁਲੈਕਟਰ ਸਾਰਾਂਸ਼ ਮਿੱਤਰ ਨੇ ਦੱਸਿਆ ਕਿ ਪਿੰਡ ਵਾਸੀਆਂ ਨੂੰ ਜਦੋਂ ਕਮਰੇ ’ਚੋਂ ਬਦਬੂ ਆਉਣੀ ਸ਼ੁਰੂ ਹੋਈ ਤਾਂ ਗਊਆਂ ਦੇ ਮਰਨ ਬਾਰੇ ਜਾਣਕਾਰੀ ਮਿਲੀ। ਉਨ੍ਹਾਂ ਕਿਹਾ ਕਿ ਤਖ਼ਤਪੁਰ ਡਿਵੈਲਪਮੈਂਟ ਬਲਾਕ ਤਹਿਤ ਆਉਂਦੇ ਪਿੰਡ ਮੇੜਪਾਰ ’ਚ ਪੰਚਾਇਤ ਦੀ ਪੁਰਾਣੀ ਇਮਾਰਤ ਦੇ ਇਕ ਕਮਰੇ ’ਚ 60 ਗਊਆਂ ਨੂੰ ਤੂੜਿਆ ਗਿਆ ਸੀ। ਉਨ੍ਹਾਂ ਕਿਹਾ ਕਿ 17 ਗਊਆਂ ਦੀ ਹਾਲਤ ਸਥਿਰ ਹੈ। ਪੁਲੀਸ ਨੇ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -ਪੀਟੀਆਈ