ਨਵੀਂ ਦਿੱਲੀ: ਭਾਰਤ ਦੇ ਚੀਫ ਜਸਟਿਸ (ਸੀਜੇਆਈ) ਐੱਨਵੀ ਰਾਮੰਨਾ ਤੇ ਸਾਰੇ 25 ਹਾਈ ਕੋਰਟਾਂ ਦੇ ਚੀਫ ਜਸਟਿਸ ਭਲਕੇ 29 ਅਪਰੈਲ ਨੂੰ ਇੱਥੇ 39ਵੇਂ ਚੀਫ ਜਸਟਿਸ ਸੰਮੇਲਨ ’ਚ ਹਿੱਸਾ ਲੈਣਗੇ। ਇਸ ਸੰਮੇਲਨ ’ਚ ਹਾਈ ਕੋਰਟਾਂ ’ਚ ਚੀਫ ਜਸਟਿਸਾਂ ਦੀਆਂ ਨਿਯੁਕਤੀਆਂ ਨੂੰ ਲੈ ਕੇ ਭਾਰਤ ਦੀਆਂ ਅਦਾਲਤਾਂ ’ਚ ਸੰਪਰਕ ਤੇ ਨੈੱਟਵਰਕ ਨੂੰ ਮਜ਼ਬੂਤ ਕਰਨ ਸਮੇਤ ਨਿਆਂਪਾਲਿਕਾ ਨਾਲ ਸਬੰਧਿਤ ਮੁੱਦਿਆਂ ਦੇ ਹੱਲ ’ਤੇ ਚਰਚਾ ਕੀਤੀ ਜਾਵੇਗੀ। ਸੁਪਰੀਮ ਕੋਰਟ ਨੇ ਇੱਕ ਬਿਆਨ ’ਚ ਕਿਹਾ ਕਿ ਚੀਫ ਜਸਟਿਸਾਂ ਦੇ ਸੰਮੇਲਨ ਤਹਿਤ ਸੁਪਰੀਮ ਕੋਰਟ ’ਚ ਇੱਕ ਸਮਾਗਮ ਹੋਵੇਗਾ ਜਿਸ ’ਚ ਸੁਪਰੀਮ ਕੋਰਟ ਦੇ ਦੋ ਸੀਨੀਅਰ ਜੱਜ ਜਸਟਿਸ ਯੂਯੂ ਲਲਿਤ ਤੇ ਜਸਟਿਸ ਏਐੱਮ ਖਾਨਵਿਲਕਰ ਸ਼ਾਮਲ ਹੋਣਗੇ। ਇਸ ਤੋਂ ਬਾਅਦ 30 ਅਪਰੈਲ ਨੂੰ ਵਿਗਿਆਨ ਭਵਨ ’ਚ ਮੁੱਖ ਮੰਤਰੀਆਂ ਤੇ ਚੀਫ ਜਸਟਿਸਾਂ ਦਾ ਸਾਂਝਾ ਸੰਮੇਲਨ ਹੋਵੇਗਾ ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। -ਪੀਟੀਆਈ