ਨਵੀਂ ਦਿੱਲੀ, 11 ਫਰਵਰੀ
ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਵੀਰਵਾਰ ਨੂੰ ਰਾਜ ਸਭਾ ’ਚ ਆਮ ਬਜਟ ਨੂੰ ਨਿਰਾਸ਼ਾਜਨਕ ਕਰਾਰ ਦਿੰਦਿਆਂ ਕਿਹਾ ਕਿ ‘ਅਮੀਰਾਂ ਦਾ, ਅਮੀਰਾਂ ਲਈ ਅਤੇ ਅਮੀਰਾਂ ਵੱਲੋਂ’ ਬਣਾਇਆ ਗਿਆ ਇਹ ਬਜਟ ਮੁਲਕ ਦੀ ਉਸ ਇਕ ਫ਼ੀਸਦ ਆਬਾਦੀ ਦੇ ਲਿਹਾਜ਼ ਨਾਲ ਲਿਆਂਦਾ ਗਿਆ ਹੈ ਜਿਸ ਦੇ ਕੰਟਰੋਲ ’ਚ ਦੇਸ਼ ਦੀ 73 ਫ਼ੀਸਦ ਸੰਪਤੀ ਹੈ। ਉਨ੍ਹਾਂ ਉਪਰਲੇ ਸਦਨ ’ਚ ਆਮ ਬਜਟ ’ਤੇ ਚਰਚਾ ’ਚ ਹਿੱਸਾ ਲੈਂਦਿਆਂ ਦਾਅਵਾ ਕੀਤਾ ਕਿ 2021-22 ਦਾ ਬਜਟ ਨਾਕਾਮ ਰਿਹਾ ਹੈ ਕਿਉਂਕਿ ਗਰੀਬ ਨੂੰ ਮਾਮੂਲੀ ਜਿਹੀ ਰਕਮ ਵੀ ਨਹੀਂ ਦਿੱਤੀ ਗਈ ਅਤੇ ਰਾਸ਼ਨ ਦੇਣ ਦੀ ਸਹੂਲਤ ਨੂੰ ਵੀ ਜਾਰੀ ਨਹੀਂ ਰੱਖਿਆ ਗਿਆ ਹੈ। ਚਿਦੰਬਰਮ ਨੇ ਕਿਹਾ,‘‘ਬਜਟ ’ਚ ਭਾਰਤ ਦੇ ਗਰੀਬ ਲੋਕਾਂ ਲਈ ਕੁਝ ਵੀ ਨਹੀਂ ਹੈ ਜੋ ਮੁਸ਼ਕਲਾਂ ਸਹਿ ਰਹੇ ਹਨ।’’ ਉਨ੍ਹਾਂ ਕਿਹਾ ਕਿ ਸਰਕਾਰ ਅਰਥਚਾਰੇ ’ਚ ਆਈ ਮੰਦੀ ਨੂੰ ਨਕਾਰਦੀ ਰਹੀ ਹੈ ਅਤੇ ਉਸ ਦਾ ਮੰਨਣਾ ਹੈ ਕਿ ਅਰਥਚਾਰੇ ਦੀ ਸਮੱਸਿਆ ਢਾਂਚਾਗਤ ਨਹੀਂ ਸਗੋਂ ਇਹ ਇਕ ਗੇੜ ਦਾ ਅਸਰ ਹੈ। ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਕਰੋਨਾਵਾਇਰਸ ਫੈਲਣ ਤੋਂ ਦੋ ਸਾਲ ਪਹਿਲਾਂ ਹੀ ਅਰਥਚਾਰੇ ’ਚ ਨਿਘਾਰ ਆਉਣਾ ਸ਼ੁਰੂ ਹੋ ਗਿਆ ਸੀ। ਉਨ੍ਹਾਂ ਮੁਤਾਬਕ ਦੁਨੀਆ ਦੇ ਹਰੇਕ ਆਰਥਿਕ ਮਾਹਿਰ ਨੇ ਕਿਹਾ ਹੈ ਕਿ ਮੰਗ ਪੈਦਾ ਕਰਨੀ ਹੋਵੇਗੀ ਅਤੇ ਮੰਗ ਪੈਦਾ ਕਰਨ ਦਾ ਬਿਹਤਰ ਤਰੀਕਾ ਲੋਕਾਂ ਦੇ ਹੱਥਾਂ ’ਚ ਪੈਸਾ ਦੇਣਾ ਹੁੰਦਾ ਹੈ। ‘ਸਰਕਾਰ ਇਸ ਨੀਤੀ ’ਚ ਨਾਕਾਮ ਰਹੀ ਹੈ। ਮੈਂ ਆਪਣੇ ਦੋਸ਼ ਦੁਹਰਾ ਰਿਹਾ ਹਾਂ। ਤੁਸੀਂ ਪਿਛਲੇ 36 ਮਹੀਨਿਆਂ ਦੌਰਾਨ ਮਿਲੇ ਸਬਕ ਅਜੇ ਤੱਕ ਨਹੀਂ ਸਿੱਖੇ ਹਨ। ਮੈਨੂੰ ਖ਼ਦਸ਼ਾ ਹੈ ਕਿ ਇਸ ਕਾਰਨ 12 ਮਹੀਨੇ ਹੋਰ ਬੇਕਾਰ ਚਲੇ ਜਾਣਗੇ ਅਤੇ ਗਰੀਬ ਹੋਰ ਪ੍ਰੇਸ਼ਾਨੀ ਝੱਲੇਗਾ।’ ਉਨ੍ਹਾਂ ਕਿਹਾ ਕਿ ਕਾਂਗਰਸ ਬਜਟ ਨੂੰ ਰੱਦ ਕਰਦੀ ਹੈ ਅਤੇ ਅਸੀਂ ਤਿੱਖਾ ਰੋਸ ਅਤੇ ਅਸਹਿਮਤੀ ਦਰਜ ਕਰਵਾਉਂਦੇ ਹਾਂ। ‘ਬੱਸ ਅਸਹਿਮਤੀ ਕਾਰਨ ਹੁਣ ਸਾਨੂੰ ‘ਅੰਦੋਲਨਜੀਵੀ’ ਅਤੇ ‘ਪਰਜੀਵੀ’ ਸੱਦਿਆ ਜਾਵੇਗਾ।’ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਗਰੀਬਾਂ ਵੱਲ ਮਦਦ ਦਾ ਹੱਥ ਨਹੀਂ ਵਧਾਉਂਦੀ ਹੈ ਤਾਂ ਲੋਕ ਅਹਿੰਸਕ ਅਤੇ ਸ਼ਾਂਤਮਈ ਪ੍ਰਦਰਸ਼ਨਾਂ ਲਈ ਜਾਗ ਜਾਣਗੇ।
-ਪੀਟੀਆਈ