ਟਿ੍ਰਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਫਰਵਰੀ
ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਰ ਕੋਈ ਆਪਣੇ ਢੰਗ ਨਾਲ ਹਮਾਇਤ ਕਰ ਰਿਹਾ ਹੈ। ਸੰਘਰਸ਼ ਦੀ ਅਗਵਾਈ ਕਰਨ ਵਾਲੇ ਪੰਜਾਬ ਦੇ ਵਿਆਹ ਸਮਾਗਮਾਂ ’ਚ ਡੀਜੇ ’ਤੇ ਕਿਸਾਨੀ ਸੰਘਰਸ਼ ਦੀ ਗੂੰਜ ਮਗਰੋਂ ਹੁਣ ਹਰਿਆਣਵੀਆਂ ਵੱਲੋਂ ਵੀ ਵਿਆਹ ਵਾਲੇ ਕਾਰਡਾਂ ’ਤੇ ‘ਟਰੈਕਟਰ-ਹਲ’ ਅਤੇ ‘ਸਰ ਛੋਟੂ ਰਾਮ’ ਦੀਆਂ ਤਸਵੀਰਾਂ ਲਗਾ ਕੇ ਕਿਸਾਨੀ ਸੰਘਰਸ਼ ਨੂੰ ਘਰ-ਘਰ ਤੱਕ ਪਹੁੰਚਾਇਆ ਜਾ ਰਿਹਾ ਹੈ। ਹਰਿਆਣਾ ਦੇ ਲੋਕ ਇਨ੍ਹਾਂ ਕਾਰਡਾਂ ਰਾਹੀਂ ਹਰ ਕਿਸੇ ਨੂੰ ਸੰਘਰਸ਼ ਵਿੱਚ ਡੱਟਣ ਦਾ ਸੱਦਾ ਦੇ ਰਹੇ ਹਨ। ਕਿਸਾਨੀ ਸੰਘਰਸ਼ ਨੇ ਨਾ ਕੇਵਲ ਵਿਆਹ ਸ਼ਾਦੀ ਦੇ ਕਾਰਡਾਂ ’ਤੇ ਬਲਕਿ ਗੱਡੀਆਂ ’ਤੇ ਲਿਖੇ ਜਾਣ ਵਾਲੇ ਸਲੋਗਨ ਵੀ ਬਦਲ ਦਿੱਤੇ ਹਨ। ਹਰਿਆਣਾ ਦੇ ਨੌਜਵਾਨ ਆਪਣੀ ਗੱਡੀਆਂ ’ਤੇ ਕਿਸਾਨੀ ਸੰਘਰਸ਼ ਦਾ ਝੰਡਾ ਲਗਾ ਕੇ ‘ਕਿਸਾਨ ਏਕਤਾ’ ਦਾ ਸੁਨੇਹਾ ਦੇਣ ਤੋਂ ਇਲਾਵਾ ਵੱਖ-ਵੱਖ ਧਰਨਿਆਂ ਅਤੇ ਸੰਘਰਸ਼ਾਂ ਵਿੱਚ ਵੀ ਪਹੁੰਚ ਰਹੇ ਹਨ। ਕੌਮੀ ਰਾਜਧਾਨੀ ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ਅੰਦੋਲਨ ਨੇ ਹਰ ਕਿਸੇ ਦੀ ਸੋਚ ਨੂੰ ਬਦਲ ਕੇ ਰੱਖ ਦਿੱਤਾ ਹੈ ਅਤੇ ਦੇਸ਼ ਦੇ ਲੋਕ ਕਿਸੇ ਨਾ ਕਿਸੇ ਢੰਗ ਨਾਲ ਅੰਨਦਾਤੇ ਦੇ ਹੱਕ ਲਈ ਸਹਿਯੋਗ ਪਾਉਣ ਵਾਸਤੇ ਉਤਸ਼ਾਹੀ ਹੋਏ ਪਏ ਹਨ।
ਵਿਆਹ ਸਮਾਗਮ ਦੇ ਕਾਰਡ ’ਤੇ ਸਰ ਛੋਟੂ ਰਾਮ ਅਤੇ ਟਰੈਕਟਰ ਦੀ ਫੋਟੋ ਲਗਵਾ ਕੇ ਅਤੇ ‘ਨੋ ਫਾਰਮਰ-ਨੋ ਫੂਡ’ ਨਾਅਰਾ ਲਿਖਵਾ ਕੇ ਕਿਸਾਨੀ ਸੰਘਰਸ਼ ਦਾ ਸੰਦੇਸ਼ ਦੇਣ ਵਾਲੇ ਕੈਥਲ ਦੇ ਚੌਧਰੀ ਪ੍ਰੇਮ ਸਿੰਘ ਨੇ ਕਿਹਾ ਕਿ ‘ਮਾਰੇ ਘਰ ਮੇਂ ਬਿਆਹ ਧਰਿਆ ਸੇ ਪਰ ਮਾਰੀ ਆਤਮਾ ਅੰਦੋਲਨ ਮੇਂ ਸੇ’। ਉਨ੍ਹਾਂ ਕਿਹਾ, ‘ਅਸੀ ਭਾਵੇਂ ਘਰ ਵਿੱਚ ਵਿਆਹ ਹੋਣ ਕਰਕੇ ਸੰਘਰਸ਼ ਵਿੱਚ ਨਹੀਂ ਜਾ ਸਕਦੇ ਹਾਂ ਪਰ ਵਿਆਹ ਦੇ ਕਾਰਡ ਰਾਹੀਂ ਕਿਸਾਨੀ ਸੰਘਰਸ਼ ਦੀ ਆਵਾਜ਼ ਘਰ-ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।’ ਉਨ੍ਹਾਂ ਕਿਹਾ, ‘ਵਿਆਹ ਦੇ ਕਾਰਡ ਨੂੰ ਘਰ ਦਾ ਹਰ ਜੀਅ ਪੜ੍ਹਦਾ ਹੈ ਅਤੇ ਇਸ ਤਰ੍ਹਾਂ ਹਰ ਘਰ ਤੱਕ ਕਿਸਾਨੀ ਸੰਘਰਸ਼ ਦੀ ਆਵਾਜ਼ ਪਹੁੰਚ ਜਾਵੇਗੀ।’ ਦੂਜੇ ਪਾਸੇ ਇੱਕ ਪ੍ਰਿੰਟਿੰਗ ਪ੍ਰੈੱਸ ਵਿੱਚ ਕੰਮ ਕਰਨ ਵਾਲੇ ਰਾਜੇਸ਼ ਕੁਮਾਰ ਨੇ ਦੱਸਿਆ ਪਹਿਲੀ ਵਾਰ ਹੋ ਰਿਹਾ ਹੈ ਕਿ ਲੋਕ ਵਿਆਹਾਂ ਦੇ ਕਾਰਡਾਂ ’ਤੇ ਸਰ ਛੋਟੂ ਰਾਮ ਅਤੇ ਟਰੈਕਟਰ ਦੀਆਂ ਤਸਵੀਰਾਂ ਛਪਵਾ ਰਹੇ ਹਨ। ਕਿਸਾਨੀ ਸੰਘਰਸ਼ ਨਾਲ ਜੁੜੇ ਸਲੋਗਨ ਲਿਖ ਰਹੇ ਹਨ। ਉਨ੍ਹਾਂ ਮੁਤਾਬਕ ਵੱਡੀ ਗਿਣਤੀ ’ਚ ਨੌਜਵਾਨਾਂ ਵੱਲੋਂ ਆਪਣੇ ਵਾਹਨਾਂ ’ਤੇ ਕਿਸਾਨੀ ਨਾਲ ਸਬੰਧਤ ਸਟਿੱਕਰ ਲਗਾ ਕੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਜਾ ਰਹੀ ਹੈ।