ਸ਼ਿਮਲਾ: ਇੱਥੇ ਅੱਜ ਇੱਕ ਬੱਸ ਦੇ ਖੱਡ ਵਿੱਚ ਡਿੱਗ ਜਾਣ ਕਾਰਨ ਕਰੀਬ 20 ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਦਕਿ ਦੋ ਮੁਸਾਫ਼ਰ ਬੱਸ ਹੇਠ ਫਸ ਗਏ। ਜ਼ਿਲ੍ਹਾ ਐਮਰਜੈਂਸੀ ਅਪਰੇਸ਼ਨਜ਼ ਸੈਂਟਰ (ਡੀਈਓਸੀ) ਸ਼ਿਮਲਾ ਅਨੁਸਾਰ ਇਹ ਹਾਦਸਾ ਹੀਰਾ ਨਗਰ ਇਲਾਕੇ ਵਿੱਚ ਬਾਅਦ ਦੁਪਹਿਰ ਕਰੀਬ 2:15 ਵਜੇ ਵਾਪਰਿਆ। ਸੂਬਾ ਆਫ਼ਤ ਪ੍ਰਬੰਧਨ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬੱਸ ਵਿੱਚ ਕਰੀਬ 25 ਸਵਾਰੀਆਂ ਸਨ, ਜਿਨ੍ਹਾਂ ਵਿੱਚੋਂ ਹਾਦਸੇ ਦੌਰਾਨ ਕਰੀਬ 20-23 ਜਣੇ ਜ਼ਖ਼ਮੀ ਹੋ ਗਏ, ਜਦਕਿ ਦੋ ਸਵਾਰ ਬੱਸ ਥੱਲੇ ਆਉਣ ਕਾਰਨ ਫਸ ਗਏ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮ ਘਟਨਾ ਸਥਾਨ ’ਤੇ ਪਹੁੰਚ ਗਈ ਹੈ ਅਤੇ ਬੱਸ ਥੱਲੇ ਫਸੇ ਯਾਤਰੀਆਂ ਨੂੰ ਕੱਢਣ ਲਈ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। -ਪੀਟੀਆਈ