ਸ਼ਿਮਲਾ/ਮਨਾਲੀ, 4 ਜੁਲਾਈ
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ’ਚ ਇਕ ਬੱਸ ਦੇ ਖੱਡ ’ਚ ਡਿੱਗਣ ਕਾਰਨ 13 ਜਣਿਆਂ ਦੀ ਮੌਤ ਹੋ ਗਈ ਹੈ। ਘਟਨਾ ਵਿਚ ਦੋ ਵਿਅਕਤੀ ਜ਼ਖ਼ਮੀ ਹੋ ਗਏ ਹਨ। ਵੇਰਵਿਆਂ ਮੁਤਾਬਕ ਬੱਸ ਸਵੇਰੇ ਕਰੀਬ 8.30 ਵਜੇ ਸ਼ੈਂਸ਼ੇਰ ਤੋਂ ਕੁੱਲੂ ਜਾ ਰਹੀ ਸੀ ਤੇ ਇਸੇ ਦੌਰਾਨ ਜਾਂਗਲਾ ਪਿੰਡ ਕੋਲ ਇਕ ਤਿੱਖੇ ਮੋੜ ਤੋਂ ਇਹ ਖੱਡ ’ਚ ਡਿੱਗ ਗਈ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਨੇ ਬਚਾਅ ਕਾਰਜਾਂ ਵਿਚ ਦੇਰੀ ਕੀਤੀ। ਮ੍ਰਿਤਕਾ ਝਾਬਲੂ ਦੇਵੀ ਦੇ ਰਿਸ਼ਤੇਦਾਰ ਤੇਜ ਪ੍ਰਕਾਸ਼ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਜ਼ਖ਼ਮੀ ਮਹਿਲਾ ਨੂੰ ਹਸਪਤਾਲ ਲਿਜਾਣ ਤੱਕ ਤਿੰਨ ਘੰਟੇ ਤੋਂ ਵੱਧ ਸਮਾਂ ਲੱਗ ਗਿਆ। ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸਨ ਨੇ ਫੁਰਤੀ ਦਿਖਾਈ ਹੁੰਦੀ ਤਾਂ ਕੁਝ ਜਾਨਾਂ ਬਚ ਸਕਦੀਆਂ ਸਨ। ਮ੍ਰਿਤਕਾਂ ਦੀ ਸ਼ਨਾਖ਼ਤ ਤਨੂ, ਪ੍ਰੇਮ ਚੰਦ, ਫਤਿਹ ਚੰਦ, ਅਨੀਤਾ ਦੇਵੀ, ਸੁਸ਼ੀਲ ਕੁਮਾਰ, ਖੀਮ ਦਾਸੀ, ਰੋਸ਼ੀ ਦੇਵੀ, ਪਾਰਵਤੀ ਦੇਵੀ, ਝਾਬਲੂ ਦੇਵੀ, ਅਮਿਤ ਕੁਮਾਰ ਰਾਜਕ, ਅਕਾਸ਼ ਤੇ ਰਾਖੀ ਮਾਇਆ ਵਜੋਂ ਹੋਈ ਹੈ। ਜ਼ਖ਼ਮੀ ਮਹੇਂਦਰ ਸਿੰਘ, ਸੰਜੈ ਕੁਮਾਰ ਤੇ ਬੱਸ ਦੇ ਕੰਡਕਟਰ ਗੋਪਾਲ ਨੂੰ ਕੁੱਲੂ ਦੇ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਮ੍ਰਿਤਕਾਂ ਵਿਚ ਵਿਦਿਆਰਥੀ ਵੀ ਸ਼ਾਮਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਨੇ ਮ੍ਰਿਤਕਾਂ ਦੇ ਵਾਰਿਸਾਂ ਲਈ 2-2 ਲੱਖ ਰੁਪਏ ਤੇ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਦੀ ਵਿੱਤੀ ਮਦਦ ਦਾ ਐਲਾਨ ਕੀਤਾ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਮ੍ਰਿਤਕਾਂ ਦੇ ਵਾਰਿਸਾਂ ਲਈ 5-5 ਲੱਖ ਰੁਪਏ ਦੀ ਵਿੱਤੀ ਮਦਦ ਐਲਾਨੀ ਹੈ ਜਦਕਿ ਹਰੇਕ ਜ਼ਖ਼ਮੀ ਨੂੰ ਤੁਰੰਤ 15-15 ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਦਾ ਸਰਕਾਰ ਮੁਫ਼ਤ ਇਲਾਜ ਕਰਾਏਗੀ। ਹਿਮਾਚਲ ਦੇ ਮੁੱਖ ਮੰਤਰੀ ਨੇ ਘਟਨਾ ਦੀ ਮੈਜਿਸਟਰੇਟ ਤੋਂ ਜਾਂਚ ਕਰਾਉਣ ਦੇ ਹੁਕਮ ਦਿੱਤੇ ਹਨ। -ਪੀਟੀਆਈ
ਕੋਵਿੰਦ, ਮਾਨ, ਬਾਦਲ ਤੇ ਹੋਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ
ਕੁੱਲੂ ਜ਼ਿਲ੍ਹੇ ਵਿਚ ਵਾਪਰੇ ਸੜਕ ਹਾਦਸੇ ’ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਆਗੂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ, ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰਾਂ ਨੇ ਉਤੇ ਡੂੰਘਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ।