ਮੁੰਬਈ , 24 ਅਕਤੂਬਰ
ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਨੇ ਦੋਸ਼ ਲਾਇਆ ਕਿ ਦੇਸ਼ ਭਰ ਵਿੱਚ 100 ਕਰੋੜ ਕਰੋਨਾ ਰੋਕੂ ਵੈਕਸੀਨ ਲਾਉਣ ਦਾ ਦਾਅਵਾ ‘ਝੂਠਾ’ ਹੈ ਅਤੇ ਯੋਗ ਨਾਗਰਿਕਾਂ ਨੂੰ ਹੁਣ ਤੱਕ 23 ਕਰੋੜ ਤੋਂ ਵੱਧ ਖ਼ੁਰਾਕਾਂ ਨਹੀਂ ਦਿੱਤੀਆਂ ਗਈਆਂ। ਮਹਾਰਾਸ਼ਟਰ ਸੂਬੇ ਦੇ ਨਾਸਿਕ ਵਿੱਚ ਇੱਕ ਪਾਰਟੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਊਤ ਨੇ ਕਿਹਾ ਕਿ ਉਹ ਇਸ ਗੱਲ ਦਾ ਸਬੂਤ ਦੇਣਗੇ ਕਿ 100 ਕਰੋੜ ਟੀਕਾਕਰਨ ਦਾ ਦਾਅਵਾ ‘ਝੂਠਾ’ ਹੈ। ਰਾਜ ਸਭਾ ਮੈਂਬਰ ਨੇ ਕਿਸੇ ਦਾ ਨਾਮ ਲਏ ਬਿਨਾਂ ਕਿਹਾ, ‘‘ਹੋਰ ਕਿੰਨਾ ਕੁ ਝੂਠ ਬੋਲੋਗੇ।’’ ਸ਼ਿਵ ਸੈਨਾ ਦੇ ਮੁੱਖ ਬੁਲਾਰੇ ਰਾਊਤ ਨੇ ਦਾਅਵਾ ਕੀਤਾ, ‘‘ਪਿਛਲੇ 15 ਦਿਨਾਂ ਵਿੱਚ, 20 ਹਿੰਦੂ ਅਤੇ ਸਿੱਖ ਮਾਰੇ ਗਏ, 17-18 ਸਿਪਾਹੀ ਸ਼ਹੀਦ ਹੋ ਗਏ, ਅਰੁਣਾਚਲ ਪ੍ਰਦੇਸ਼ ਅਤੇ ਲਦਾਖ ਵਿੱਚ ਚੀਨ ਸਮੱਸਿਆਵਾਂ ਖੜ੍ਹੀਆਂ ਕਰ ਰਿਹਾ ਹੈ, ਪਰ ਅਸੀਂ 100 ਕਰੋੜ ਟੀਕਾਕਰਨ ਦਾ ਜਸ਼ਨ ਮਨਾ ਰਹੇ ਹਾਂ, ਜੋ ਸਹੀ ਨਹੀਂ ਹੈ।’’ ਉਨ੍ਹਾਂ ਪੁੱਛਿਆ ਕਿ ਕਰੋਨਾ ਰੋਕੂ ਟੀਕਾਕਰਨ ਦੌਰਾਨ ਵੈਕਸੀਨ ਦੇਣ ਦੀ ਗਿਣਤੀ ਕਿਸ ਨੇ ਕੀਤੀ ਹੈ? ਮਹਾਰਾਸ਼ਟਰ ਭਾਜਪਾ ਦੇ ਬੁਲਾਰੇ ਕੇਸ਼ਵ ਉਪਾਧਿਆਏ ਨੇ ਕਿਹਾ ਕਿ ਸ਼ਿਵ ਸੈਨਾ ਆਗੂ ਨਿਰਆਧਾਰ ਦਾਅਵੇ ਕਰ ਰਹੇ ਹਨ। -ਪੀਟੀਆਈ