ਨਵਦੀਪ ਸਿੰਘ ਗਿੱਲ
ਟੋਕੀਓ ਵਿਚ ਚੱਲ ਰਹੀਆਂ ਓਲੰਪਿਕ ਖੇਡਾਂ ਵਿਚ 26 ਜੁਲਾਈ ਨੂੰ ਦੋ ਨਤੀਜੇ ਅਜਿਹੇ ਆਏ ਜਿਸ ਨੇ ਖਿਡਾਰੀਆਂ ਦੀ ਉਮਰ ਦੀਆਂ ਮਿੱਥਾਂ ਤੋੜ ਦਿੱਤੀਆਂ। ਪਹਿਲਾ ਨਤੀਜਾ ਓਲੰਪਿਕਸ ਵਿਚ ਪਹਿਲੀ ਵਾਰ ਸ਼ਾਮਲ ਹੋਈ ਖੇਡ ਸਕੇਟਿੰਗਬੋਰਡ ਵਿਚ ਆਇਆ ਜਦੋਂ ਜਪਾਨ ਦੀ 14 ਵਰ੍ਹਿਆਂ ਦੀ ਮੋਮਿਜੀ ਨਿਸ਼ੀਆ ਨੇ ਸੋਨੇ ਅਤੇ ਬ੍ਰਾਜ਼ੀਲ ਦੀ 13 ਵਰ੍ਹਿਆਂ ਦੀ ਜੂਲੀਆ ਰਾਇਸਾ ਮੈਂਡੇਸ ਲੀਲ ਨੇ ਚਾਂਦੀ ਦਾ ਮੈਡਲ ਜਿੱਤਿਆ। ਕਾਂਸੀ ਦਾ ਤਮਗਾ ਜਿੱਤਣ ਵਾਲੀ ਜਪਾਨ ਦੀ ਫੁਨਾ ਨਾਕਾਯਾਮਾ ਦੀ ਉਮਰ ਵੀ 18 ਸਾਲ ਸੀ। ਤਿੰਨੇ ਅੱਲ੍ਹੜ ਉਮਰ ਦੀਆਂ ਖਿਡਾਰਨਾਂ। ਤਿੰਨੇ ਮੈਡਲ ਜੇਤੂਆਂ ਦੀ ਕੁੱਲ ਮਿਲਾ ਕੇ ਉਮਰ 45 ਸਾਲ ਹੀ ਬਣਦੀ ਹੈ।
ਸਕੇਟਿੰਗਬੋਰਡ ਦੇ ਨਤੀਜਿਆਂ ਤੋਂ ਥੋੜ੍ਹੇਂ ਸਮੇਂ ਬਾਅਦ ਹੀ ਨਿਸ਼ਾਨੇਬਾਜ਼ੀ ਦੇ ਪੁਰਸ਼ ਸਕੀਟ ਦਾ ਨਤੀਜਾ ਆਇਆ ਜਿਸ ਵਿਚ ਆਜ਼ਾਦਾਨਾ ਓਲੰਪਿਕ ਅਥਲੀਟ (ਆਈਓਏ) ਵੱਲੋਂ ਨੁਮਾਇੰਦਗੀ ਕਰ ਰਹੇ ਕੁਵੈਤ ਦੇ ਅਬਦੁੱਲਾ ਅਲ ਰਾਸ਼ਿਦੀ ਨੇ ਕਾਂਸੀ ਦਾ ਮੈਡਲ ਜਿੱਤਿਆ। ਰਾਸ਼ਿਦੀ ਦੀ ਉਮਰ 57 ਸਾਲ ਹੈ। ਸਕੇਟਿੰਗਬੋਰਡ ਵਿਚ ਤਮਗਾ ਜਿੱਤਣ ਵਾਲੀਆਂ ਤਿੰਨੇ ਖਿਡਾਰਨਾਂ ਨਾਬਾਲਗ ਉਮਰ ਦੀਆਂ ਜਦੋਂ ਕਿ ਸਕੀਟ ਵਿਚ ਮੈਡਲ ਜਿੱਤਣ ਵਾਲਾ ਨਿਸ਼ਾਨੇਬਾਜ਼ ਸਰਕਾਰੀ ਰਿਕਾਰਡ ਮੁਤਾਬਕ ਰਿਟਾਇਰਮੈਂਟ ਦੀ ਉਮਰ ਨੇੜੇ ਢੁੱਕਿਆ ਹੋਇਆ ਹੈ। ਰਾਸ਼ਿਦੀ ਦੀ ਇਹ ਸੱਤਵੀਂ ਓਲੰਪਿਕਸ ਹੈ ਅਤੇ 2016 ਵਿਚ ਰੀਓ ਵਿਚ ਵੀ ਉਸ ਨੇ ਕਾਂਸੀ ਦਾ ਮੈਡਲ ਜਿੱਤਿਆ ਸੀ। ਉਮਰਦਰਾਜ਼ ਖਿਡਾਰੀਆਂ ਦੀ ਗੱਲ ਕਰੀਏ ਤਾਂ ਟੋਕੀਓ ਵਿਚ ਆਪਣੀ ਛੇਵੀਂ ਓਲੰਪਿਕ ਖੇਡ ਰਹੀ ਆਸਟਰੇਲੀਆ ਦੀ ਘੋੜਸਵਾਰ ਮੈਰੀ ਹਨਾ ਸਭ ਤੋਂ ਵੱਡੀ ਉਮਰ ਦੀ ਖਿਡਾਰਨ ਹੈ ਜਿਸ ਦੀ ਉਮਰ 66 ਸਾਲ ਹੈ। ਓਲੰਪਿਕ ਖੇਡਾਂ ਦੇ ਇਤਿਹਾਸ ਵਿਚ ਸਵੀਡਨ ਦਾ ਨਿਸ਼ਾਨੇਬਾਜ਼ ਆਸਕਰ ਸਵਾਹਨ ਹੈ ਜਿਸ ਨੇ 72 ਸਾਲ ਦੀ ਉਮਰੇ 1920 ਦੀਆਂ ਐਂਟਵਰਪ ਓਲੰਪਿਕ ਖੇਡਾਂ ਵਿਚ ਹਿੱਸਾ ਲਿਆ ਅਤੇ ਚਾਂਦੀ ਦਾ ਮੈਡਲ ਜਿੱਤਿਆ। ਸਵਾਹਨ ਨੇ ਤਿੰਨ ਓਲੰਪਿਕ ਖੇਡਾਂ (ਲੰਡਨ 1908, ਸਟਾਕਹੋਮ 1912 ਤੇ ਐਂਟਵਰਪ 1920) ਵਿਚ ਹਿੱਸਾ ਲਿਆ ਅਤੇ ਤਿੰਨ ਸੋਨੇ, ਇਕ ਚਾਂਦੀ ਤੇ ਦੋ ਕਾਂਸੀ ਦੇ ਮੈਡਲ ਜਿੱਤੇ।
ਖਿਡਾਰੀਆਂ ਦੀ ਉਮਰ ਦੀ ਗੱਲ ਚੱਲੀ ਹੈ ਤਾਂ ਇਕ ਵਾਕਿਆ ਯਾਦ ਆ ਗਿਆ ਜਦੋਂ 2008 ਵਿਚ ਮੈਨੂੰ ਪੇਈਚਿੰਗ ਵਿਚ ਹੋਈਆਂ ਓਲੰਪਿਕ ਖੇਡਾਂ ‘ਪੰਜਾਬੀ ਟ੍ਰਿਬਿਊਨ’ਦੀ ਤਰਫੋਂ ਕਵਰ ਕਰਨ ਦਾ ਮੌਕਾ ਮਿਲਿਆ ਸੀ। ਉਸ ਵੇਲੇ ਖੇਡਾਂ ਦੀ ਸੈਮਸੰਗ ਲੌਂਜ ਵਿਚ ਮੇਰਾ ਸਬਬੀ ਮੇਲ ਰੋਮਾਨੀਆ ਦੀ ਸਾਬਕਾ ਜਿਮਨਾਸਟ ਨਾਦੀਆ ਕੁਮੈਂਸੀ ਨਾਲ ਹੋਇਆ। ਨਾਦੀਆ ਨੂੰ ‘ਰਬੜ ਦੀ ਗੁੱਡੀ’ ਆਖਿਆ ਜਾਂਦਾ ਸੀ ਜਿਸ ਨੇ 1976 ਦੀਆਂ ਮਾਂਟਰੀਅਲ ਓਲੰਪਿਕ ਖੇਡਾਂ ਵਿਚ 15 ਵਰ੍ਹਿਆਂ ਦੀ ਉਮਰੇ ਨਾ ਸਿਰਫ ਤਿੰਨ ਸੋਨੇ, ਇਕ ਚਾਂਦੀ ਤੇ ਇਕ ਕਾਂਸੀ ਦਾ ਮੈਡਲ ਜਿੱਤਿਆ ਸਗੋਂ 10 ਵਿਚੋਂ 10 ਅੰਕ (ਪਰਫੈਕਟ ਟੈੱਨ) ਲੈਣ ਵਾਲੀ ਪਹਿਲੀ ਜਿਮਨਾਸਟ ਬਣੀ।
ਨਾਦੀਆ ਕੁਮੈਂਸੀ ਬਾਰੇ ਛੋਟੇ ਹੁੰਦੇ ਬੜਾ ਸੁਣਿਆ ਹੋਇਆ ਸੀ। ਮੇਰੇ ਪਿਤਾ ਜੀ ਦੱਸਦੇ ਸਨ ਕਿ ਕਿਵੇਂ ਉਨ੍ਹਾਂ ਰੇਡੀਓ ਦੀ ਕੁਮੈਂਟਰੀ ਰਾਹੀਂ 1976 ਦੀਆਂ ਮਾਂਟਰੀਅਲ ਓਲੰਪਿਕ ਖੇਡਾਂ ਵਿਚ ਉਸ ਦੇ ਇਤਿਹਾਸ ਰਚਣ ਦੀ ਕਹਾਣੀ ਸੁਣੀ। ਮੇਰੇ ਇਹ ਕਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਨਾਦੀਆ ਕੁਮੈਂਸੀ ਨੂੰ ਮਿਲਣ ਅਤੇ ਫੇਰ ਇੰਟਰਵਿਊ ਕਰਨ ਦਾ ਮੌਕਾ ਮਿਲੇਗਾ। ਜੋਸ਼ ਅਤੇ ਉਤਸ਼ਾਹ ਵਿਚ ਮੈਨੂੰ ਕੋਈ ਜ਼ਿਆਦਾ ਸਵਾਲ ਤਾਂ ਨਹੀਂ ਸੁੱਝ ਰਹੇ ਸਨ ਪਰ ਇਕ ਸਵਾਲ ਦੇ ਜਵਾਬ ਵਿਚ ਕਹੀ ਗੱਲ ਮੈਨੂੰ ਅੱਜ ਟੋਕੀਓ ਓਲੰਪਿਕਸ ਵਿਚ ਛੋਟੀ ਉਮਰ ਦੀਆਂ ਖਿਡਾਰਨਾਂ ਦੀ ਪ੍ਰਾਪਤੀ ਉਤੇ ਫਿਰ ਚੇਤੇ ਆ ਗਈ। ਨਾਦੀਆ ਨੇ ਕਿਹਾ ਸੀ ਕਿ ਜੇਕਰ ਉਹ ਅੱਜ ਦੇ ਜ਼ਮਾਨੇ ਵਿਚ ਜੰਮੀ ਹੁੰਦੀ ਤਾਂ ਕਦੇ ਵੀ ਮਾਂਟਰੀਅਲ ਓਲੰਪਿਕਸ ਵਾਲੀ ਪ੍ਰਾਪਤੀ ਨਹੀਂ ਦੁਹਰਾਈ ਜਾਣੀ ਸੀ। ਮੈਂ ਜਦੋਂ ਇਹ ਗੱਲ ਤਫ਼ਸੀਲ ਨਾਲ ਦੱਸਣ ਨੂੰ ਕਿਹਾ ਤਾਂ ਉਸ ਦਾ ਕਹਿਣਾ ਸੀ ਕਿ 1976 ਵਿਚ ਜਿਮਨਾਸਟਿਕ ਲਈ ਖਿਡਾਰੀਆਂ ਦੀ ਘੱਟੋ-ਘੱਟ ਉਮਰ ਹੱਦ 14 ਸਾਲ ਸੀ ਜਿਹੜੀ 1981 ਵਿਚ 15 ਸਾਲ ਕਰ ਦਿੱਤੀ ਅਤੇ 1997 ਤੋਂ ਬਾਅਦ 16 ਸਾਲ। ਇਸ ਲਿਹਾਜ਼ ਨਾਲ 15 ਵਰ੍ਹਿਆਂ ਦੀ ਉਮਰੇ ਮਾਂਟਰੀਅਲ ਓਲੰਪਿਕ ਖੇਡਾਂ ਵਿਚ ਹਿੱਸਾ ਲੈਣ ਵਾਲੀ ਨਾਦੀਆ ਕੁਮੈਂਸੀ ਕੋਲੋਂ ਖੇਡਾਂ ਵਿਚ ਹਿੱਸਾ ਹੀ ਨਹੀਂ ਲਿਆ ਜਾਣਾ ਸੀ।
ਅੱਜ ਸਕੇਟਿੰਗਬੋਰਡ ਵਿਚ 13 ਤੇ 14 ਸਾਲ ਦੀਆਂ ਖਿਡਾਰਨਾਂ ਦੇ ਮੈਡਲ ਜਿੱਤਣ ਉਤੇ ਵੀ ਮੈਂ ਇਹੋ ਸੋਚ ਰਿਹਾ ਸੀ ਕਿ ਜੇਕਰ ਇਸ ਖੇਡ ਵਿਚ ਵੀ ਘੱਟੋ-ਘੱਟ ਉਮਰ ਹੱਦ ਮਿੱਥੀ ਹੁੰਦੀ ਤਾਂ ਨਿਸ਼ੀਆ ਤੇ ਜੂਲੀਆ ਦੇ ਗਲੇ ਦਾ ਸ਼ਿੰਗਾਰ ਬਣੇ ਮੈਡਲ ਹੋਰਨਾਂ ਖਿਡਾਰਨਾਂ ਦੇ ਗਲੇ ਦਾ ਸ਼ਿੰਗਾਰ ਬਣੇ ਹੁੰਦੇ। ਜਿਮਨਾਸਟਿਕ ਵਿਚ ਉਮਰ ਹੱਦ ਪਿੱਛੇ ਤਰਕ ਇਹ ਹੈ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਸ਼ੋਸ਼ਣ ਤੋਂ ਬਚਾਇਆ ਜਾ ਸਕੇ। ਕੁਝ ਸਾਲ ਪਹਿਲਾਂ ਸੋਸ਼ਲ ਮੀਡੀਆ ਉਪਰ ਵੀਡੀਓ ਸਾਹਮਡੇ ਆਈ ਜਿਸ ਵਿਚ ਚੀਨ ਵਿਚ ਬਹੁਤ ਹੀ ਛੋਟੀ ਉਮਰ ਦੇ ਬੱਚਿਆਂ ਨੂੰ ਧੱਕੇ ਨਾਲ ਜਿਮਨਾਸਟਿਕ ਕਰਵਾਈ ਜਾ ਰਹੀ ਸੀ ਕਿਉਂਕਿ ਛੋਟੀ ਉਮਰ ਦੇ ਬੱਚਿਆਂ ਦੇ ਸਰੀਰ ਵਿਚਲੀ ਲਚਕ ਜਿਮਨਾਸਟਿਕ ਵਿਚ ਨਿਪੁੰਨ ਬਣਾ ਸਕਦੀ ਹੈ।
ਸੰਪਰਕ: 97800-36216