ਅਮਨਦੀਪ ਕੌਰ ਮਾਨ
ਜੇ ਦੁਨੀਆ ਵਿਚ ਕਿਸੇ ਸਭ ਤੋਂ ਸਸਤੀ ਜਾਂ ਮਹਿੰਗੀ ਸ਼ੈਅ ਦੀ ਗੱਲ ਕਰੀਏ ਤਾਂ ਤੁਹਾਨੂੰ ਸੌ ਨਹੀਂ, ਹਜ਼ਾਰਾਂ ਜਵਾਬ ਮਿਲਣਗੇ ਪਰ ਜੇ ਕਿਸੇ ਵਿਦਵਾਨ ਨੂੰ ਇਹ ਸਵਾਲ ਕਰੋਗੇ ਤਾਂ ਉਹ ਕਿਤਾਬ ਨੂੰ ਹੀ ਦੁਨੀਆ ਦੀ ਸਭ ਤੋਂ ਕਿਫ਼ਾਇਤੀ ਵਸਤ ਦੱਸੇਗਾ ਜੋ ਮਿਲ ਤਾਂ ਚੰਦ ਛਿੱਲੜਾਂ ਬਦਲੇ ਜਾਂਦੀ ਹੈ ਪਰ ਉਸ ਵਿਚਲਾ ਗਿਆਨ ਮਨੁੱਖੀ ਜ਼ਿੰਦਗੀ ਲਈ ਬੇਸ਼ਕੀਮਤੀ ਹੁੰਦਾ ਹੈ।
ਆਪਣੇ ਅੰਦਰ ਕਿਤਾਬ ਸੱਭਿਆਚਾਰ ਪੈਦਾ ਕਰਨਾ ਵੀ ਬਹੁਤਾ ਸੁਖਾਲਾ ਕਾਰਜ ਨਹੀਂ, ਕਿਉਂਕਿ ਕਿਸੇ ਵੀ ਚੀਜ਼ ਦਾ ਸੁਆਦ ਵਿਕਸਤ ਹੋਣ ਵਿਚ ਸਮਾਂ ਤਾਂ ਲਗਦਾ ਹੈ। ਮਨੁੱਖੀ ਸਿਹਤ ਲਈ ਚੰਗੇ ਮੰਨੇ ਜਾਂਦੇ ਬਹੁਤ ਸਾਰੇ ਖਾਦ ਪਦਾਰਥ, ਫ਼ਲ ਆਦਿ ਅਸੀਂ ਥੋੜ੍ਹਾ ਬਹੁਤ ਕੁਸੈਲੇ ਜਾਂ ਫਿੱਕਾ ਹੋਣ ਕਾਰਨ ਅਕਸਰ ਹੀ ਉਸ ਤੋਂ ਕਿਨਾਰਾ ਕਰ ਲੈਂਦੇ ਹਾਂ। ਜੇ ਥੋੜ੍ਹਾ ਸਬਰ ਕਹਿ ਲਈਏ ਜਾਂ ਮਨ ਮਾਰਨ ਦੀ ਗੱਲ ਕਰ ਲਈਏ ਤਾਂ ਉਹੀ ਵਸਤ ਫਿਰ ਜ਼ਿੰਦਗੀ ਦਾ ਵਧੀਆ ਤੇ ਉਸਾਰੂ ਹਿੱਸਾ ਬਣ ਜਾਂਦੀ ਹੈ। ਤਾਂ ਹੀ ਕਹਿੰਦੇ ਨੇ ਕਿ ਕਿਤਾਬਾਂ ਗਿਆਨ ਦਾ ਬਹੁਤ ਵੱਡਾ ਖਜ਼ਾਨਾ ਹਨ ਕਿ ਇਹ ਸਦੀਆਂ ਤੋਂ ਸਾਡੇ ਜੀਵਨ ਨੂੰ ਗਿਆਨ ਨਾਲ ਪ੍ਰਕਾਸ਼ਮਾਨ ਕਰਦੀਆਂ ਆਈਆਂ ਹਨ। ਹਰ ਕਿਤਾਬ ਵਿਚੋਂ ਕਿਸੇ ਨਾ ਕਿਸੇ ਸਮਾਜ ਦਾ ਅਕਸ ਦਿਖਾਈ ਦਿੰਦਾ ਹੈ। ਜੋ ਮਨੁੱਖ ਨੂੰ ਉਸ ਦੇ ਅਤੀਤ ਤੋਂ ਭਲੀਭਾਂਤ ਜਾਣੂ ਕਰਵਾਉਂਦਾ ਹੈ। ਕਿਤਾਬਾਂ ਤੋਂ ਬਗੈਰ ਸਾਡੇ ਪੁਰਖਿਆਂ, ਸਾਡੇ ਇਤਿਹਾਸ ਅਤੇ ਸੱਭਿਆਚਾਰ ਬਾਰੇ ਗਿਆਨ ਸੰਭਵ ਨਹੀਂ ਹੈ; ਜਾਂ ਇੰਜ ਕਹਿ ਲਈਏ ਕਿ ਕਿਤਾਬਾਂ ਤੋਂ ਬਿਨਾਂ ਸਾਡੇ ਕੋਲ ਵਰਤਮਾਨ ਤੋਂ ਸਿਵਾਇ ਕੁਝ ਨਹੀਂ ਹੁੰਦਾ। ਇਹ ਵੀ ਸਚਾਈ ਹੈ ਕਿ ਕਿਤਾਬਾਂ ਅੰਦਰ ਲੁਕਿਆ ਇਤਿਹਾਸ ਜਿਥੇ ਸਾਨੂੰ ਪਿਛੋਕੜ ਦੀ ਜਾਣਕਾਰੀ ਦਿੰਦਾ ਹੈ, ਉੱਥੇ ਭਵਿੱਖ ਵੱਲ ਵਧਣ ਲਈ ਮਾਰਗ ਦਰਸ਼ਨ ਕਰਦਾ ਹੈ।
ਵਿਸ਼ਵ ਕਿਤਾਬ ਦਿਵਸ ਸੰਯੁਕਤ ਰਾਸ਼ਟਰ ਵਿੱਦਿਅਕ ਵਿਗਿਆਨਕ ਅਤੇ ਸੱਭਿਆਚਾਰਕ ਸੰਸਥਾ (ਯੂਨੈਸਕੋ) ਦੁਆਰਾ 23 ਅਪਰੈਲ 1995 ਨੂੰ ਮਨਾਉਣਾ ਸ਼ੁਰੂ ਕੀਤਾ ਗਿਆ। ਦੁਨੀਆ ਭਰ ਵਿਚ ਕਈ ਹੋਰ ਤਾਰੀਖਾਂ ਵੀ ਪ੍ਰਚਲਿਤ ਹਨ ਜਿਨ੍ਹਾਂ ’ਤੇ ਵਿਸ਼ਵ ਕਿਤਾਬ ਦਿਵਸ ਮਨਾਇਆ ਜਾਂਦਾ ਹੈ ਜਿਵੇਂ ਯੂਕੇ, ਸਵੀਡਨ ਤੇ ਆਇਰਲੈਂਡ ਵਰਗੇ ਦੇਸ਼ ਵੱਖ ਵੱਖ ਤਰੀਖਾਂ ’ਤੇ ਵਿਸ਼ਵ ਕਿਤਾਬ ਦਿਵਸ ਮਨਾਉਂਦੇ ਹਨ। ਸਾਡੇ ਮਨ ਵਿਚ ਇਹ ਸਵਾਲ ਜ਼ਰੂਰ ਆਉਂਦਾ ਹੈ ਕਿ ਆਖਿ਼ਰਕਾਰ 23 ਅਪਰੈਲ ਨੂੰ ਹੀ ਵਿਸ਼ਵ ਕਿਤਾਬ ਦਿਹਾੜੇ ਵਜੋਂ ਕਿਉਂ ਚੁਣਿਆ ਗਿਆ? 1995 ਵਿਚ ਯੂਨੈਸਕੋ ਨੇ ਫੈਸਲਾ ਕੀਤਾ ਕਿ ਵਿਸ਼ਵ ਕਿਤਾਬ ਅਤੇ ਕਾਪੀਰਾਈਟ ਦਿਵਸ 23 ਅਪਰੈਲ ਨੂੰ ਮਨਾਇਆ ਜਾਵੇਗਾ ਕਿਉਂਕਿ ਇਸ ਦਿਨ ਵਿਲੀਅਮ ਸ਼ੇਕਸਪੀਅਰ ਅਤੇ ਪ੍ਰਮੁੱਖ ਸਪੈਨਿਸ ਇਤਿਹਾਸਕਾਰ ਗਾਰਸੀ ਲਾਸ਼ੋਂ ਡੇ ਲਾ ਵੇਗਾ ਦੀ ਬਰਸੀ ਦੇ ਨਾਲ ਕਈ ਹੋਰ ਮਹਾਨ ਲੇਖਕਾਂ ਦੇ ਜਨਮ ਜਾਂ ਮੌਤ ਦੀ ਤਾਰੀਖ ਵੀ ਜੁੜੀ ਹੋਈ ਹੈ। ਯੂਨੈਸਕੋ ਦੀ ਰਿਪੋਰਟ ਅਨੁਸਾਰ ਵਿਸ਼ਵ ਕਿਤਾਬ ਅਤੇ ਕਾਪੀਰਾਈਟ ਦਿਵਸ ਕਿਤਾਬਾਂ ਅਤੇ ਪੜ੍ਹਨ ਦੇ ਆਨੰਦ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ 23 ਅਪਰੈਲ ਨੂੰ ਮਨਾਇਆ ਜਾਂਦਾ ਹੈ। ਯੂਨੈਸਕੋ ਅਨੁਸਾਰ 23 ਅਪਰੈਲ ਨੂੰ ਵਿਸ਼ਵ ਕਿਤਾਬ ਅਤੇ ਕਾਪੀਰਾਈਟ ਦਿਵਸ ਦਾ ਮੁੱਖ ਟੀਚਾ ਲੋਕਾਂ ਨੂੰ ਪੜ੍ਹਨ ਲਈ ਉਤਸ਼ਾਹਤ ਕਰਨਾ ਹੈ।
15ਵੀਂ ਸਦੀ ਦੇ ਅੱਧ ਤੱਕ ਪ੍ਰਿੰਟਿੰਗ ਪ੍ਰੈੱਸ ਨੇ ਕਿਤਾਬਾਂ ਦੇ ਖੇਤਰ ਵਿਚ ਕ੍ਰਾਂਤੀ ਲਿਆ ਦਿੱਤੀ ਸੀ ਅਤੇ ਕਿਤਾਬਾਂ ਨੂੰ ਹਰ ਕਿਸੇ ਤੱਕ ਪਹੁੰਚਾਉਣ ਲਈ ਯੋਗ ਬਣਾ ਦਿੱਤਾ ਗਿਆ। ਇਸ ਤਕਨੀਕੀ ਕਾਢ ਦੇ ਕਾਰਨ ਅਸੀਂ ਅਣਗਿਣਤ ਲੇਖਕਾਂ ਅਤੇ ਕਵੀਆਂ ਦੀਆਂ ਲਿਖਤਾਂ ਦਾ ਆਨੰਦ ਮਾਣ ਰਹੇ ਹਾਂ। ਕਿਤਾਬਾਂ ਸਾਡੇ ਵਿਚ ਆਤਮ-ਵਿਸ਼ਵਾਸ ਪੈਦਾ ਕਰਦੀਆਂ ਹਨ। ਕਿਤਾਬਾਂ ਸਿਰਫ਼ ਉਹਨਾਂ ਲੋਕਾਂ ਲਈ ਹੀ ਮਦਦਗਾਰ ਸਾਬਤ ਹੁੰਦੀਆਂ ਨੇ ਜਿਹੜੇ ਲੋਕ ਇਨ੍ਹਾਂ ਨੂੰ ਖੋਲ੍ਹਦੇ ਹਨ, ਪੜ੍ਹਦੇ ਹਨ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਕਰਦੇ ਹਨ।
ਕਿਤਾਬਾਂ ਮਨੁੱਖ ਦੇ ਇੱਕਲੇਪਨ ਨੂੰ ਦੂਰ ਕਰਨ ਵਿਚ ਸਹਾਈ ਹੁੰਦੀਆਂ ਹਨ। ਕਹਿੰਦੇ ਹਨ – ਜੇ ਪੂਰਾ ਕਰਨਾ ਖ਼ੁਆਬਾਂ ਨੂੰ ਤਾਂ ਰੱਖਿਓ ਨਾਲ ਕਿਤਾਬਾਂ ਨੂੰ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਕਿਤਾਬਾਂ ਨਾਲ ਅਥਾਹ ਪ੍ਰੇਮ ਸੀ। ਉਨ੍ਹਾਂ ਨੇ ਆਪਣੇ ਸਕੂਲ ਅਤੇ ਕਾਲਜ ਸਮੇਂ ਦੌਰਾਨ ਬਹੁਤ ਸਾਰੀਆਂ ਕਿਤਾਬਾਂ ਦਾ ਅਧਿਐਨ ਕੀਤਾ। ਸਹੀਦ ਭਗਤ ਸਿੰਘ ਜੀ ਆਪਣੀ ਜਿ਼ੰਦਗੀ ਦੇ ਆਖਿ਼ਰੀ ਸਮੇਂ ਦੌਰਾਨ (ਫਾਂਸੀ ਲੱਗਣ ਤੋਂ ਕੁਝ ਘੰਟੇ ਪਹਿਲਾਂ) ਵੀ ਕਿਤਾਬ ਹੀ ਪੜ੍ਹ ਰਹੇ ਸਨ। ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਵਾਲੇ ਨੌਜਵਾਨਾਂ ਨੂੰ ਭਗਤ ਸਿੰਘ ਦੀ ਪੜ੍ਹਨ ਰੁਚੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
ਕਰੋਨਾ ਮਹਾਵਾਰੀ ਦੌਰਾਨ ਜਦੋਂ ਆਮ ਮਨੁੱਖ ਘਰਾਂ ਅੰਦਰ ਕੈਦ ਹੋ ਕੇ ਰਹਿ ਗਿਆ ਸੀ, ਉਦੋਂ ਕਿਤਾਬਾਂ ਨੇ ਮਨੁੱਖ ਦੇ ਇੱਕਲੇਪਨ ਨੂੰ ਦੂਰ ਕਰਨ ਵਿਚ ਉਸ ਦਾ ਭਰਪੂਰ ਸਾਥ ਦਿੱਤਾ। ਇਥੋਂ ਤੱਕ ਕਿ ਕਿਸਾਨੀ ਅੰਦੋਲਨ ਵਿਚ ਵੀ ਕਿਤਾਬਾਂ ਇਕੱਠੀਆਂ ਕਰਕੇ ਦਿੱਲੀ ਧਰਨਿਆ ’ਤੇ ਪਹੁੰਚਾਈਆਂ ਗਈਆਂ। ਆਉ ਆਪਾਂ ਰਲ ਕੇ ਇਸ ਵਿਸ਼ਵ ਕਿਤਾਬ ਦਿਵਸ ’ਤੇ ਕਿਤਾਬਾਂ ਨਾਲ਼ ਜੁੜੀਏ, ਕਿਤਾਬ ਸੱਭਿਆਚਾਰ ਅਪਨਾਈਏ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਕਿਤਾਬਾਂ ਪੜ੍ਹਨ ਅਤੇ ਕਿਤਾਬਾਂ ਨਾਲ ਜੁੜੇ ਰਹਿਣ ਦੇ ਲਈ ਪ੍ਰੇਰੀਏ।
ਸੰਪਰਕ: 99420-35000