ਮੋਹਨ ਸ਼ਰਮਾ
ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਬਰਨਾਲਾ ਜ਼ਿਲ੍ਹਾ ਸੰਗਰੂਰ ਜ਼ਿਲ੍ਹੇ ਦਾ ਹਿੱਸਾ ਹੁੰਦਾ ਸੀ। ਹੁਣ ਦੇ ਬਰਨਾਲਾ ਜ਼ਿਲ੍ਹੇ ਨਾਲ ਸੰਬੰਧਤ ਇੱਕ ਪਿੰਡ ਬਾਰੇ ਪਤਾ ਲੱਗਿਆ ਕਿ ਪਿੰਡ ਵਿਚ ਨਸ਼ਿਆਂ ਦੀ ਭਰਮਾਰ ਕਾਰਨ ਲੋਕ ਸਿਰਫ਼ ਕੱਖੋਂ ਹੌਲੇ ਹੀ ਨਹੀਂ ਹੋ ਰਹੇ ਸਗੋਂ ਬਹੁਤ ਸਾਰੇ ਨੌਜਵਾਨ ਦੂਸ਼ਿਤ ਸਰਿੰਜਾਂ ਵਰਤਣ ਕਾਰਨ ਏਡਜ਼ ਦਾ ਸ਼ਿਕਾਰ ਵੀ ਹੋ ਗਏ ਹਨ। ਡਿਪਟੀ ਕਮਿਸ਼ਨਰ ਨੇ ਮੇਰੀ ਡਿਊਟੀ ਲਾਈ ਕਿ ਨਸ਼ਈਆਂ ਨੂੰ ਇਸ ਦਲਦਲ ਵਿਚੋਂ ਬਾਹਰ ਲਿਆਉਣ ਲਈ ਯਤਨ ਕੀਤਾ ਜਾਵੇ।
ਅਗਲੇ ਦਿਨ ਸਾਡਾ ਕਾਫ਼ਲਾ ਪਿੰਡ ਪਹੁੰਚ ਗਿਆ। ਪੁੱਛ-ਗਿੱਛ ਮਗਰੋਂ ਪਤਾ ਲੱਗਿਆ ਕਿ ਪਿੰਡ ਵਿਚ ਚਾਰ ਜਣੇ ਬਿਨਾ ਕਿਸੇ ਰੋਕ-ਟੋਕ ਜਾਂ ਭੈਅ ਤੋਂ ਰਿਉੜੀਆਂ ਵਾਂਗ ਨਸ਼ਾ ਵੇਚ ਰਹੇ ਨੇ। ਪੁਲੀਸ ਉਨ੍ਹਾਂ ਦੇ ਘਰ ਆਉਂਦੀ ਤਾਂ ਹੈ ਪਰ ਫੋਕੇ ਦਬਕੇ ਮਾਰ ਕੇ ਉਨ੍ਹਾਂ ਦੇ ਘਰ ‘ਚਾਹ-ਪਾਣੀ’ ਪੀ ਕੇ ਪਰਤ ਜਾਂਦੀ ਹੈ। ਇਹ ਗੱਲ ਵੀ ਸਾਹਮਣੇ ਆਈ ਕਿ 80 ਫੀਸਦੀ ਲੋਕ ਨਸ਼ਾ ਵੇਚਣ ਵਾਲਿਆਂ ਦੇ ਖਿ਼ਲਾਫ਼ ਹਨ ਪਰ ਉਹ ‘ਅਸੀਂ ਕੀ ਲੈਣਾ ਜਿਨ੍ਹਾਂ ਦੀਆਂ ਅੱਖਾਂ ਦੁਖਣਗੀਆਂ, ਆਪੇ ਬੰਨ੍ਹ-ਸੁਬ ਕਰੂ’ ਵਾਲੀ ਸੋਚ ਕਾਰਨ ਚੁੱਪ ਸਨ; ਅੰਦਾਜ਼ਨ 20 ਫੀਸਦੀ ਲੋਕਾਂ ਦੀ ਨਸ਼ਾ ਵੇਚਣ ਵਾਲਿਆਂ ਨਾਲ ਮੂੰਹ-ਮੁਲਾਹਜ਼ੇ ਜਾਂ ਗਰਜ਼ਾਂ ਕਾਰਨ ਹਮਦਰਦੀ ਵੀ ਸੀ।
ਸੱਥ ਵਿਚ ਬੈਠੇ ਲੋਕਾਂ ਨੇ ਦੱਸਿਆ ਕਿ ਨਸ਼ਿਆਂ ਕਾਰਨ ਮੁੰਡੇ ਬੇਰਾਂ ਵਾਂਗ ਝੜ ਰਹੇ ਨੇ। ਨਸ਼ਾ ਕਰਨ ਵਾਲੇ ਅਵਾਰਾ ਡੰਗਰਾਂ ਵਾਂਗ ਗਲੀਆਂ ਵਿਚ ਹਰਲ ਹਰਲ ਕਰਦੇ ਫਿਰਦੇ ਨੇ ਤੇ ਟੋਕਣ ਤੇ ਪੁੱਠਾ ਬੋਲਦੇ ਨੇ। ਨਸ਼ਾ ਵੇਚਣ ਵਾਲਿਆਂ ਨੇ ਤਾਂ ਅੱਤ ਚੁੱਕੀ ਹੋਈ ਹੈ। ਇਹੀ ਹਾਲ ਰਿਹਾ ਤਾਂ ਪਿੰਡ ਨੇ ਉੱਜੜ ਜਾਣਾ।… ਖੈਰ! ਉਨ੍ਹਾਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਕੇ ਅਸੀਂ ਅਗਾਂਹ, ਨਸ਼ਿਆਂ ਕਾਰਨ ਪੀੜਤ ਲੋਕਾਂ ਦੇ ਘਰਾਂ ਵੱਲ ਹੋ ਲਏ। ਪਿੰਡ ਦੇ ਹੋਰ ਲੋਕ ਸਾਡੇ ਕਾਫ਼ਲੇ ਦਾ ਹਿੱਸਾ ਬਣਦੇ ਗਏ।
ਇੱਕ ਨਸ਼ਈ ਦੇ ਘਰ ਜਦੋਂ ਬੂਹਾ ਖੜਕਾਇਆ ਤਾਂ ਬੂਹਾ ਘਰ ਦੀ ਮਾਲਕਣ ਨੇ ਖੋਲ੍ਹਿਆ। ਅੰਤਾਂ ਦਾ ਉਦਾਸ ਚਿਹਰਾ, ਘਰ ਦੀ ਖਸਤਾ ਹਾਲਤ, ਬੱਚਿਆਂ ਦੇ ਉਤਰੇ ਚਿਹਰੇ ਬੜਾ ਕੁਝ ਬਿਆਨ ਕਰ ਰਹੇ ਸਨ। ਉਸ ਔਰਤ ਨੂੰ ਅਸੀਂ ਪਿੰਡ ਆਉਣ ਦਾ ਕਾਰਨ ਦੱਸਿਆ। ਹਮਦਰਦੀ ਭਰੇ ਬੋਲ ਸੁਣ ਕੇ ਔਰਤ ਦੇ ਹੰਝੂ ਵਹਿਣ ਲੱਗ ਪਏ। ਚੁੰਨੀ ਦੇ ਲੜ ਨਾਲ ਹੰਝੂ ਪੂੰਝਦਿਆਂ ਉਸ ਨੇ ਆਪਣਾ ਮਨ ਹੌਲਾ ਕੀਤਾ, “ਜਦੋਂ ਦੀ ਮੈਂ ਇਸ ਘਰ ਚ ਵਿਆਹੀ ਆਈ ਆਂ, ਉਦੋਂ ਦਾ ਹੀ ਰੋਣੇ ਧੋਣੇ ਵਿਚ ਸਮਾਂ ਲੰਘ ਰਿਹੈ। ਘਰ ਦਾ ਸਿਲੰਡਰ, ਕਣਕ, ਸੰਦੂਕ ਦੇ ਕੱਪੜੇ, ਸੂਤ ਦੇ ਮੰਜੇ, ਕੁੜੀ ਦੇ ਵਿਆਹ ਲਈ ਚਾਰ ਛਿੱਲੜ… ਕੁਝ ਨਹੀਂ ਛੱਡਿਆ ਮੇਰੇ ਨਸ਼ਈ ਪਤੀ ਨੇ। ਟੋਕਣ ਤੇ ਜਿਹੜੀ ਕੁੱਟ-ਮਾਰ ਕਰਦੈ, ਉਹ ਅਲੱਗ। ਕਦੇ ਕਦੇ ਜੀਅ ਕਰਦੈ, ਖੂਹ ਖਾਤਾ ਹੀ ਗੰਦਾ ਕਰ ਦੇਵਾਂ। ਫਿਰ ਇਨ੍ਹਾਂ ਬੱਚਿਆਂ ਦੇ ਮੂੰਹ ਨੂੰ…।”
ਇਸ ਔਰਤ ਦਾ ਦੁੱਖ ਸੁਣ ਕੇ ਅਸੀਂ ਧੁਰ ਅੰਦਰ ਤੱਕ ਹਿੱਲ ਗਏ। ਥੋੜ੍ਹੇ ਸਮੇਂ ਅੰਦਰ ਅਜਿਹੀਆਂ ਹੋਰ ਪੀੜਤ ਔਰਤਾਂ ਵੀ ਪੁੱਜ ਗਈਆਂ। ਸਭ ਦਾ ਦੁੱਖ ਇੱਕੋ ਜਿਹਾ ਸੀ। ਉਹ ਆਪਣੇ ਆਪ ਨੂੰ ਨਾ ਸੁਹਾਗਣਾਂ ਸਮਝ ਰਹੀਆਂ ਸਨ ਅਤੇ ਨਾ ਹੀ ਰੰਡੀਆਂ। ਅੰਦਾਜ਼ਨ ਤੀਹ ਕੁ ਔਰਤਾਂ ਦੇ ਨਾਲ ਨਾਲ ਲੋਕਾਂ ਦਾ ਭਰਵਾਂ ਹਜੂਮ ਵੀ ਘਰ ਦੇ ਵਿਹੜੇ ਵਿਚ ਇਕੱਠਾ ਹੋ ਗਿਆ। ਉਨ੍ਹਾਂ ਸਾਰਿਆਂ ਦੇ ਵਿਚਕਾਰ ਖਲੋ ਕੇ ਮੈਂ ਉੱਚੀ ਆਵਾਜ਼ ਵਿਚ ਹੋਕਾ ਦਿੱਤਾ, “ਜਿਹੜੇ ਬੰਦੇ ਸਾਡੇ ਘਰਾਂ ਵਿਚ ਸੱਥਰ ਵਿਛਾ ਰਹੇ ਨੇ, ਜਿਹੜੇ ਲੋਕ ਮਾਸੂਮ ਬੱਚਿਆਂ ਦੇ ਮੂੰਹਾਂ ਵਿਚੋਂ ਰੋਟੀ ਖੋਹ ਕੇ ਐਸ਼ ਕਰ ਰਹੇ ਨੇ; ਇਨ੍ਹਾਂ ਔਰਤਾਂ ਦੀ ਦੁਰਦਸ਼ਾ ਵੱਲ ਦੇਖੋ… ਇਹ ਨਾ ਸੋਚੋ ਕਿ ਇਹ ਅੱਗ ਇਨ੍ਹਾਂ ਦੇ ਘਰਾਂ ਨੂੰ ਲੱਗੀ ਹੋਈ ਹੈ। ਜੇ ਬਚਾਉ ਨਾ ਕੀਤਾ ਤਾਂ ਇਸ ਅੱਗ ਦਾ ਸੇਕ ਤੁਹਾਡੇ ਘਰਾਂ ਤੱਕ ਵੀ ਪੁੱਜੇਗਾ। ਅਸੀਂ ਇਹ ਵੀ ਨਾ ਭੁੱਲੀਏ ਕਿ ਇਹੋ ਜਿਹੀ ਅੰਨ੍ਹੀ ਕਮਾਈ ਨਾਲ ਜ਼ਰੂਰੀ ਨਹੀਂ ਕਿ ਵਿਆਹ ਦਾ ਜੋੜਾ ਖਰੀਦਿਆ ਜਾਵੇਗਾ, ਕਫ਼ਨ ਵੀ ਖਰੀਦਿਆ ਜਾ ਸਕਦਾ ਹੈ।”
ਇਹ ਕਹਿੰਦਿਆ ਮੈਂ ਲੋਕਾਂ ਦੇ ਚਿਹਰਿਆਂ ਵੱਲ ਤਰਦੀ ਜਿਹੀ ਨਜ਼ਰ ਮਾਰੀ। ਸਭ ਦੇ ਚਿਹਰੇ ਜਿਥੇ ਗੰਭੀਰ ਹੋ ਗਏ ਸਨ, ਉਥੇ ਨਸ਼ਾ ਵੇਚਣ ਵਾਲਿਆਂ ਪ੍ਰਤੀ ਨਫ਼ਰਤ ਦੇ ਚਿੰਨ੍ਹ ਵੀ ਉਭਰ ਆਏ ਸਨ। ਮੈਂ ਉਨ੍ਹਾਂ ਨੂੰ ਫਿਰ ਵੰਗਾਰਿਆ, “ਯਾਦ ਰੱਖੋ, ਨਾ ਤਾਂ ਨਸ਼ਾ ਵੇਚਣ ਵਾਲਿਆਂ ਦੀਆਂ ਸ਼ੀਸ਼ੀਆਂ ਐਨੀਆਂ ਪੱਕੀਆਂ ਹਨ ਕਿ ਉਨ੍ਹਾਂ ਨੂੰ ਭੰਨਿਆ ਨਾ ਜਾ ਸਕੇ ਅਤੇ ਨਾ ਹੀ ਉਨ੍ਹਾਂ ਦੇ ਪੈਰ ਐਨੇ ਮਜ਼ਬੂਤ ਹਨ ਕਿ ਉਨ੍ਹਾਂ ਨੂੰ ਉਖੇੜਿਆ ਨਾ ਜਾ ਸਕੇ। ਲੋੜ ਤੁਹਾਡੇ ਇੱਕ ਹੋਣ ਦੀ ਹੈ।” ਇਸ ਦੇ ਨਾਲ ਹੀ ਇੱਕ ਔਰਤ ਦੀ ਆਵਾਜ਼ ਉੱਭਰੀ, “ਭਾਈ, ਤੂੰ ਗੱਲਾਂ ਤਾਂ ਵਧੀਆ ਕਰਦੈਂ। ਅੱਗੇ ਲੱਗ ਸਾਡੇ। ਜਿਵੇਂ ਕਹੇਂਗਾ, ਸਾਰੇ ਤੇਰੇ ਨਾਲ ਆਂ।” ਮੌਕੇ ਤੇ ਹੀ ਫੈਸਲਾ ਹੋ ਗਿਆ ਕਿ ਨਸ਼ਾ ਵੇਚਣ ਵਾਲਿਆਂ ਦੇ ਘਰ ਜਾ ਕੇ ਉਨ੍ਹਾਂ ਨੂੰ ਇਸ ਕੰਮ ਤੋਂ ਵਰਜਣਾ ਹੈ। ਜੇ ਉਹ ਨਾ ਸਮਝੇ, ਫਿਰ ਕੋਈ ਅਗਲਾ ਕਦਮ ਚੁੱਕਾਂਗੇ। ਇਹ ਫੈਸਲਾ ਵੀ ਹੋਇਆ ਕਿ ਉਨ੍ਹਾਂ ਨਾਲ ਕੋਈ ਧੌਲ-ਧੱਫਾ ਨਹੀਂ ਕਰਨਾ।
ਮਸ਼ਵਰੇ ਮਗਰੋਂ ਮਰਦ ਔਰਤਾਂ ਦੇ ਵੱਡੇ ਕਾਫਲੇ ਨਾਲ ਅਸੀਂ ਇੱਕ ਤਸਕਰ ਦੇ ਘਰ ਚੱਲ ਪਏ। ਵਿਰਲਾਂ ਵਿਚ ਦੀ ਉਸ ਨੇ ਜਦੋਂ ਭੀੜ ਦੇਖੀ ਤਾਂ ਭੱਜਣ ਦੀ ਕੋਸ਼ਿਸ ਕੀਤੀ ਪਰ ਲੋਕਾਂ ਨੇ ਉਸ ਨੂੰ ਦਬੋਚ ਲਿਆ। ਉਸ ਨਾਲ ਹੋਈ ਗੱਲਬਾਤ ਤੋਂ ਪਤਾ ਲੱਗਿਆ ਕਿ ਬਾਕੀ ਦੇ ਤਿੰਨ ਤਸਕਰ ਸ਼ਹਿਰ ‘ਮਾਲ’ ਲੈਣ ਗਏ ਹੋਏ ਨੇ, ਬਾਅਦ ਦੁਪਹਿਰ ਦੋ ਵਜੇ ਵਾਲੀ ਬੱਸ ਤੇ ਮਾਲ ਲੈ ਕੇ ਆਉਣਗੇ। ਬੱਸ ਆਉਣ ਵਿਚ ਅਜੇ ਅੱਧਾ ਘੰਟਾ ਸੀ। ਲੋਕਾਂ ਦੇ ਦਬਾਅ ਹੇਠ ਘਰ ਪਿਆ ਨਸ਼ਾ ਉਸ ਨੇ ਕੁਝ ਮੁਹਤਬਰਾਂ ਦੇ ਹਵਾਲੇ ਕਰ ਦਿੱਤਾ। ਅਸੀਂ ਉਹਨੂੰ ਨਾਲ ਲੈ ਕੇ ਬੱਸ ਅੱਡੇ ਵੱਲ ਚੱਲ ਪਏ। ਬੱਸ ਆਈ ਤਾਂ ਅਸੀਂ ਇੱਕ ਪਾਸੇ ਖਲੋ ਕੇ ਉਨ੍ਹਾਂ ਨੂੰ ਉਡੀਕਣ ਲੱਗ ਪਏ। ਜਦੋਂ ਉਹ ਬੱਸ ਤੋਂ ਉਤਰੇ ਤਾਂ ਪੀੜਤ ਔਰਤਾਂ ਅਤੇ ਮਰਦਾਂ ਨੇ ਉਨ੍ਹਾਂ ਨੂੰ ਘੇਰ ਲਿਆ। ਫਿਟ ਲਾਹਨਤਾਂ ਪਾਉਣ ਪਿੱਛੋਂ ‘ਮਾਲ’ ਦੀ ਬਰਾਮਦਗੀ ਵੀ ਕਰ ਲਈ। ਚਾਰਾਂ ਨੂੰ ਜਦੋਂ ਔਰਤਾਂ ਅਤੇ ਮਰਦ ਦੁਤਕਾਰ ਰਹੇ ਸਨ ਤਾਂ ਉਨ੍ਹਾਂ ਦੀਆਂ ਨਜ਼ਰਾਂ ਧਰਤੀ ਤੇ ਗੱਡੀਆਂ ਹੋਈਆਂ ਸਨ। ਉਨ੍ਹਾਂ ਅੰਦਰ ਨਾ ਬੋਲਣ ਦੀ ਹਿੰਮਤ ਸੀ ਅਤੇ ਨਾ ਹੀ ਬੜ੍ਹਕ ਮਾਰਨ ਦੀ। ਭਰੇ ਇਕੱਠ ਵਿਚ ਉਨ੍ਹਾਂ ਭਵਿੱਖ ਵਿਚ ਅਜਿਹਾ ਕਰਮ ਕਰਨ ਤੋਂ ਤੋਬਾ ਕੀਤੀ। ਰੋਹ ਵਿਚ ਆਈਆਂ ਔਰਤਾਂ ਉਨ੍ਹਾਂ ਨੂੰ ਮੁਖ਼ਾਤਬਿ ਹੋ ਕੇ ਕਹਿ ਰਹੀਆਂ ਸਨ, “ਜੇ ਸਾਡੇ ਘਰ ਵਾਲਿਆਂ ਨੂੰ ਹੁਣ ਨਸ਼ਾ ਵੇਚਿਆ, ਫਿਰ ਅਸੀਂ ਥੋਨੂੰ ਚੱਜ ਨਾਲ ਧਨੇਸੜੀ ਦੇਵਾਂਗੀਆਂ।” ਚਾਰਾਂ ਨੂੰ ਗੁਰਦੁਆਰੇ ਲਿਜਾ ਕੇ ਨਸ਼ਾ ਨਾ ਵੇਚਣ ਦਾ ਪ੍ਰਣ ਵੀ ਲਿਆ।
ਇਨ੍ਹਾਂ ਲੋਕਾਂ ਕੋਲੋਂ ਬਰਾਮਦ ਨਸ਼ਾ ਜਦੋਂ ਸਭ ਦੇ ਸਾਹਮਣੇ ਨਸ਼ਟ ਕੀਤਾ ਜਾ ਰਿਹਾ ਸੀ ਤਾਂ ਔਰਤਾਂ ਅਤੇ ਮਰਦਾਂ ਦੇ ਚਿਹਰਿਆਂ ਤੇ ਮੁਸਕਰਾਹਟ ਤੈਰ ਰਹੀ ਸੀ। ਪੰਦਰਾਂ ਕੁ ਦਿਨ ਅਸੀਂ ਉਸ ਪਿੰਡ ਨਾਲ ਲਗਾਤਾਰ ਜੁੜੇ ਰਹੇ। ਅਖਬਾਰਾਂ ਦੀ ਕਵਰੇਜ ਕਾਰਨ ਪੁਲੀਸ ਵੀ ਹਰਕਤ ਵਿਚ ਆ ਗਈ। ਕੁਝ ਨਸ਼ਈ ਮਰੀਜ਼ਾਂ ਨੂੰ ਨਸ਼ਾ ਛੁਡਾਊ ਕੇਂਦਰ ਵਿਚ ਦਾਖ਼ਲ ਕਰਕੇ, ਕੁਝ ਨੂੰ ਘਰ ਦਵਾਈ ਦੇ ਕੇ ਨਸ਼ਾ ਮੁਕਤ ਕੀਤਾ ਗਿਆ। ਸਿਹਤ ਵਿਭਾਗ ਦੇ ਸਹਿਯੋਗ ਨਾਲ ਏਡਜ਼ ਪੀੜਤ ਮਰੀਜ਼ਾਂ ਨੂੰ ਅੰਮ੍ਰਿਤਸਰ ਇਲਾਜ ਲਈ ਭੇਜਿਆ ਗਿਆ।
ਦਿਨ ਛਿਪੇ ਜਦੋਂ ਅਸੀਂ ਪਿੰਡ ਵਿਚੋਂ ਘਰਾਂ ਨੂੰ ਪਰਤ ਰਹੇ ਸੀ ਤਾਂ ਪੀੜਤ ਔਰਤਾਂ ਦੇ ਘਰਾਂ ਵਿਚੋਂ ਆ ਰਹੀ ਰੋਸ਼ਨੀ ਤੋਂ ਇੰਜ ਲੱਗਦਾ ਸੀ ਜਿਵੇਂ ਚਾਨਣ ਨੇ ਹਨੇਰੇ ਤੇ ਜਿੱਤ ਪਾ ਲਈ ਹੋਵੇ।
ਸੰਪਰਕ: 94171-48866