ਗੇਟ ’ਤੇ ਵੱਜਦੀ ਘੰਟੀ ਕਿਸੇ ਦੇ ਆਉਣ ਦਾ ਸੰਕੇਤ ਦੇ ਰਹੀ ਸੀ। ਬਾਹਰ ਨਿਕਲ ਕੇ ਦੇਖਿਆ ਤਾਂ ਰਾਜਵੀਰ ਅਤੇ ਉਸ ਦਾ ਹਮਸਫ਼ਰ ਖੜ੍ਹੇ ਸਨ।
“ਅੱਜ ਸੂਰਜ ਕਿਵੇਂ ਪੱਛਮ ਵੱਲੋਂ ਚੜ੍ਹ ਪਿਆ।” ਗੇਟ ਖੋਲ੍ਹਦਿਆਂ ਮੈਂ ਹੱਸਦਿਆਂ ਆਖਿਆ।
“ਚੜ੍ਹਨ ਵਾਲੇ ਤਾਂ ਬਿਨਾਂ ਦੱਸਿਆਂ ਹੀ ਚੜ੍ਹ ਪੈਂਦੇ।” ਕਹਿੰਦਿਆਂ ਰਾਜਵੀਰ ਨੇ ਮੈਨੂੰ ਗਲਵੱਕੜੀ ਪਾ ਲਈ। ਮੈਂ ‘ਸਤਿ ਸ੍ਰੀ ਅਕਾਲ’ ਕਹਿੰਦਿਆਂ ਦੋਹਾਂ ਨੂੰ ਅੰਦਰ ਲੈ ਆਈ।
ਮੈਂ ਅਤੇ ਰਾਜਵੀਰ ਨੇ ਕਈ ਸਾਲ ਇੱਕੋ ਸਕੂਲ ਵਿਚ ਇਕੱਠਿਆਂ ਕੰਮ ਕੀਤਾ ਹੈ। ਸਾਡੇ ਸੁਭਾਅ ਵਿਚ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਸਨ। ਰਾਜਵੀਰ ਬਹੁਤ ਨਿਮਰ, ਸੰਵੇਦਨਸ਼ੀਲ, ਸਾਦਗੀ ਪਸੰਦ, ਮਿਹਨਤੀ ਅਤੇ ਵਿਦਿਆਰਥੀਆਂ ਨੂੰ ਪੂਰੀ ਲਗਨ ਨਾਲ ਕੰਮ ਕਰਾਉਣ ਵਾਲੇ ਸੁਭਾਅ ਦੀ ਮਾਲਕ ਸੀ। ਸਾਡੀ ਆਪਸ ਵਿਚ ਖੂਬ ਨਿਭਦੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਸਾਡਾ ਆਉਣ ਜਾਣ ਬਣਿਆ ਹੋਇਆ ਹੈ।
ਰਾਜਵੀਰ ਦੇ ਪੁੱਤਰ ਦਾ ਪਰਿਵਾਰ ਕੈਨੇਡਾ ਰਹਿੰਦਾ ਹੈ ਅਤੇ ਧੀ ਦਾ ਦਿੱਲੀ ਵਿਚ। ਰਾਜਵੀਰ ਹੋਰੀਂ ਆਪਣੇ ਪੁੱਤਰ ਕੋਲ ਕੈਨੇਡਾ ਰਹਿੰਦੇ ਹਨ। ਜਦੋਂ ਵੀ ਉਹ ਪੰਜਾਬ ਆਉਂਦੇ ਹਨ ਤਾਂ ਅਸੀਂ ਮਿਲ ਬੈਠਣ ਦਾ ਸਮਾਂ ਕੱਢ ਹੀ ਲੈਂਦੀਆਂ ਹਾਂ। ਇਕੱਠੇ ਬਿਤਾਏ ਪਲਾਂ ਨੂੰ, ਆਪਣੇ ਸ਼ਗਿਰਦਾਂ ਨੂੰ ਯਾਦ ਕਰਦੀਆਂ ਹਾਂ। ਜਿਹੜੇ ਕਾਮਯਾਬ ਹੋ ਕੇ ਸੋਹਣੀ ਜ਼ਿੰਦਗੀ ਬਸਰ ਕਰ ਰਹੇ ਹਨ, ਉਨ੍ਹਾਂ ਨੂੰ ਯਾਦ ਕਰ ਕੇ ਖੁਸ਼ ਹੁੰਦੀਆਂ ਹਾਂ ਅਤੇ ਜੋ ਬੇਰੁਜ਼ਗਾਰੀ ਦੀ ਦਲਦਲ ਵਿਚ ਫਸ ਕੇ ਵਕਤ ਨੂੰ ਧੱਕਾ ਦੇ ਰਹੇ ਹਨ, ਉਨ੍ਹਾਂ ਨੂੰ ਯਾਦ ਕਰਕੇ ਉਦਾਸ ਹੋ ਜਾਂਦੀਆਂ ਹਾਂ।
“ਇਸ ਵਾਰ ਤਾਂ ਜਲਦੀ ਹੀ ਗੇੜਾ ਵੱਜ ਗਿਆ।” ਮੈਂ ਸੁਆਲੀਆ ਨਜ਼ਰਾਂ ਨਾਲ ਰਾਜਵੀਰ ਨੂੰ ਪੁੱਛਦੀ ਹਾਂ।
“ਇਰਾਦਾ ਤਾਂ ਨਹੀਂ ਸੀ ਐਨੀ ਜਲਦੀ ਆਉਣ ਦਾ ਪਰ ਸਿਮਰਨ ਦੀ ਜ਼ਿੱਦ ਅੱਗੇ ਝੁਕਣਾ ਪਿਆ। ਉਸ ਦਾ ਫੋਨ ਚਲਾ ਗਿਆ ਕਿ ਮੰਮੀ ਪਾਪਾ, ਤੁਸੀਂ ਜਿੰਨੀ ਜਲਦੀ ਹੋ ਸਕਦਾ, ਆ ਜਾਵੋ। ਇਸ ਲਈ ਸਾਨੂੰ ਅਚਨਚੇਤ ਹੀ ਟਿਕਟਾਂ ਲੈ ਕੇ ਆਉਣਾ ਪਿਆ।” ਉਹ ਆਪਣੇ ਸੁਭਾਅ ਅਨੁਸਾਰ ਬੜੇ ਸਹਿਜ ਨਾਲ ਦੱਸਦੀ ਹੈ।
“ਸੁੱਖ ਤਾਂ ਹੈ?” ਮੈਂ ਉਤਾਵਲੀ ਹੋ ਕੇ ਪੁੱਛਦੀ ਹਾਂ।
“ਹਾਂ, ਹੈ ਤਾਂ ਸੁੱਖ ਹੀ।” ਇਸ ਤੋਂ ਬਾਅਦ ਉਸ ਦੀ ਲੰਮੀ ਕਥਾ ਸ਼ੁਰੂ ਹੋ ਗਈ। … ਤੁਹਾਨੂੰ ਪਤਾ ਹੈ, ਸਿਮਰਨ ਕੋਲ ਤਿੰਨ ਸਾਲ ਦੀ ਧੀ ਐ। ਹੁਣ ਉਹ ਦੂਸਰੇ ਬੱਚੇ ਦੀ ਮਾਂ ਬਣਨ ਵਾਲੀ ਸੀ। ਉਸ ਨੂੰ ਪਤਾ ਨਹੀਂ ਕਿਉਂ ਜਚ ਗਿਆ ਕਿ ਉਸ ਦਾ ਦੂਸਰਾ ਬੱਚਾ ਵੀ ਲੜਕੀ ਹੀ ਹੋਵੇਗਾ। ਉਸ ਨੂੰ ਪਤਾ ਸੀ ਕਿ ਜੇ ਦੂਸਰੀ ਬੱਚੀ ਪੈਦਾ ਹੋਣ ਵੇਲੇ ਮੰਮੀ ਕੋਲ ਹੋਣਗੇ ਤਾਂ ਉਹ ਉਸ ਦੇ ਆਉਣ ਤੇ ਉਸ ਦਾ ਸਵਾਗਤ ਪੂਰੀ ਗਰਮਜੋਸ਼ੀ ਨਾਲ ਕਰਨਗੇ।
ਅਸਲ ਵਿਚ ਉਸ ਦੀ ਸੱਸ ਆਮ ਔਰਤਾਂ ਵਾਂਗ ਚਾਹੁੰਦੀ ਸੀ ਕਿ ਦੂਸਰਾ ਬੱਚਾ ਲੜਕਾ ਪੈਦਾ ਹੋਵੇ। ਉਸ ਨੂੰ ਇਸ ਗੱਲ ਦਾ ਫ਼ਿਕਰ ਸੀ ਕਿ ਜੇਕਰ ਲੜਕੀ ਹੋ ਗਈ ਤਾਂ ਸਾਰੇ ਉਸ ਦੀ ਆਮਦ ਸੁਣ ਕੇ ਉਦਾਸੇ ਚਿਹਿਰਿਆਂ ਨਾਲ ਉਸ ਨੂੰ ਦੇਖਣਗੇ। ਉਹ ਨਹੀਂ ਚਾਹੁੰਦੀ ਸੀ ਕਿ ਜਦੋਂ ਉਸ ਦਾ ਬੱਚਾ ਇਸ ਸੰਸਾਰ ਵਿਚ ਆਵੇ ਤਾਂ ਕੋਈ ਉਸ ਨੂੰ ਤੱਕ ਕੇ ਮੱਥੇ ਵੱਟ ਪਾਵੇ। ਇਸ ਤਰ੍ਹਾਂ ਇਸ ਵਾਰ ਸਾਡਾ ਜਲਦੀ ਆਉਣ ਦਾ ਸਬੱਬ ਬਣ ਗਿਆ।
ਅਸਲ ਵਿਚ ਯੂਨੀਵਰਸਿਟੀਆਂ ਵਿਚ ਜਿਸ ਤਰ੍ਹਾਂ ਲੜਕੀਆਂ ਨਵੀਂ ਸੋਚ ਦੀਆਂ ਧਾਰਨੀ ਬਣ ਕੇ ਸਮਾਜਿਕ ਗੈਰ ਬਰਾਬਰੀ, ਜਾਤ ਪਾਤ, ਲਿੰਗਕ ਵਿਤਕਰੇ ਸਮੇਤ ਰਾਹ ਵਿਚ ਆਉਂਦੀਆਂ ਹੋਰ ਚੁਣੌਤੀਆਂ ਨਾਲ਼ ਆਢਾ ਲਾ ਰਹੀਆਂ ਹਨ, ਸਿਮਰਨ ਉਨ੍ਹਾਂ ਤੋਂ ਬੜੀ ਪ੍ਰਭਾਵਿਤ ਹੋਈ ਹੈ। ਉਹ ਸਾਰਾ ਦਿਨ ਉਨ੍ਹਾਂ ਦੀਆਂ ਗੱਲਾਂ ਹੀ ਸੁਣਾਉਂਦੀ ਰਹਿੰਦੀ ਹੈ। ਉਹ ਦੱਸਦੀ ਹੈ ਕਿ ਮੰਮੀ ਹੁਣ ਤਾਂ ਪੜ੍ਹੀਆਂ ਲਿਖੀਆਂ ਲੜਕੀਆਂ ਵੀ ਖੇਤਾਂ ਵਿਚ ਮਜ਼ਦੂਰੀ ਕਰ ਕੇ, ਟਰੈਕਟਰ ਨਾਲ ਹਰ ਤਰ੍ਹਾਂ ਦੇ ਕੰਮ ਕਰ ਕੇ ਪੁੱਤਾਂ ਤੋਂ ਵੀ ਵੱਧ ਆਪਣੇ ਮਾਪਿਆਂ ਦਾ ਹੱਥ ਵਟਾ ਰਹੀਆਂ ਹਨ।
ਆਪਣੀਆਂ ਮੰਜ਼ਿਲਾਂ ਸਰ ਕਰ ਸਕਣ ਦੀ ਜੁਰਅਤ ਦਾ ਲਟ ਲਟ ਬਲਦਾ ਚਾਨਣ ਦੇਖ, ਲਗਦਾ ਹੈ ਕਿ ਉਹ ਘਟੀਆ ਸੋਚ ਦੇ ਧਾਰਨੀ ਉਨ੍ਹਾਂ ਮਰਦਾਂ ਸਾਹਮਣੇ ਵੀ ਨਵੀਂ ਇਬਾਰਤ ਲਿਖ ਦੇਣਗੀਆਂ ਜੋ ਔਰਤ ਦੀ ਖੂਬਸੂਰਤੀ ਅਤੇ ਨਜ਼ਾਕਤ ਨੂੰ ਅਜਿਹੇ ਢੰਗ ਨਾਲ ਪੇਸ਼ ਕਰਦੇ ਹਨ, ਜਿਵੇਂ ਉਹ ਜਿਊਂਦੇ ਜਾਗਦੇ ਇਨਸਾਨ ਦੀ ਥਾਂ ਸਿਰਫ ਦੇਖਣ ਅਤੇ ਭੋਗਣ ਵਾਲੀ ਵਸਤੂ ਹੋਣ।
ਮੈਨੂੰ ਸਿਮਰਨ ਦੀਆਂ ਗੱਲਾਂ ਸੁਣ ਕੇ ਆਪਣਾ ਬਚਪਨ ਯਾਦ ਆ ਰਿਹਾ ਸੀ ਜਦੋਂ ਕੁੜੀਆਂ ਨਾਲ ਖਾਣ-ਪੀਣ, ਪਹਿਨਣ, ਵਿਦਿਆ ਅਤੇ ਬਾਹਰ ਆਉਣ ਜਾਣ ਤੇ ਵਿਤਕਰਾ ਕੀਤਾ ਜਾਂਦਾ ਸੀ। ਉਸ ਦੇ ਵਿਚਾਰਾਂ ਦੀ ਤਾਂ ਕੋਈ ਵੁਕਅਤ ਹੀ ਨਹੀਂ ਸੀ। ਔਰਤ ਨਾਲ ਵਿਤਕਰਾ ਤਾਂ ਅਜੇ ਵੀ ਸਾਡੇ ਸਮਾਜ ਵਿਚ ਹਰ ਥਾਂ ਹੁੰਦਾ ਹੈ; ਔਰਤ ਭਾਵੇਂ ਕਾਮਕਾਜੀ ਹੈ ਜਾਂ ਘਰੇਲੂ।
ਸਮਾਜਿਕ ਅਤੇ ਕੁਦਰਤੀ ਵਿਕਾਸ ਨਾਲ ਜ਼ਿੰਦਗੀ ਦਾ ਹਰ ਖੇਤਰ ਬਦਲਦਾ ਆਇਆ ਹੈ। ਪੜ੍ਹਨ ਲਿਖਣ ਨਾਲ ਔਰਤ ਦੀ ਸੋਚ ਵਿਚ ਵੀ ਤਬਦੀਲੀ ਆਈ ਹੈ। ਉਹ ਆਪਣੇ ਆਪ ਨੂੰ ਨਿਮਾਣੀਆਂ, ਨਿਤਾਣੀਆਂ ਸਮਝਣ ਦੀ ਥਾਂ ਕਿਸਾਨ ਮਜ਼ਦੂਰ ਜਥੇਬੰਦੀਆਂ ਵਿਚ ਆਪਣੇ ਹੱਕਾਂ ਲਈ ਅੱਗੇ ਹੋ ਕੇ ਸੰਘਰਸ਼ ਕਰ ਰਹੀਆਂ ਹਨ।
ਸਿਮਰਨ ਦੀਆਂ ਗੱਲਾਂ ਤਾਂ ਮੁਕਣ ਦਾ ਨਾਂ ਹੀ ਨਹੀਂ ਸਨ ਲੈਂਦੀਆਂ – ਮੈਂ ਤਾਂ ਚਾਹੁੰਦੀ ਹਾਂ ਕਿ ਮੰਮੀ, ਮੇਰਾ ਦੂਸਰਾ ਬੱਚਾ ਵੀ ਲੜਕੀ ਹੀ ਹੋਵੇ। ਮੈਂ ਆਪਣੀਆਂ ਦੋਹਾਂ ਧੀਆਂ ਦਾ ਪਾਲਣ ਪੋਸ਼ਣ ਇਸ ਢੰਗ ਨਾਲ ਕਰਾਂਗੀ ਕਿ ਉਹ ਨਿੱਗਰ ਸੋਚ ਦੀਆਂ ਮਾਲਕ ਹੋਣ। ਇਨਸਾਫ ਭਰਪੂਰ ਸਿਹਤਮੰਦ ਸਮਾਜ ਦੇ ਨਿਰਮਾਣ ਲਈ ਸਦਾ ਯਤਨਸ਼ੀਲ ਰਹਿਣ। ਸੰਕੀਰਨਤਾ ਦੀਆਂ ਤੰਗ ਗਲੀਆਂ ਵਿਚੋਂ ਨਿਕਲ ਕੇ ਖੁੱਲ੍ਹੇ ਆਕਾਸ਼ ਵਿਚ ਉਡਾਰੀਆਂ ਭਰਨ। ਔਰਤ ਜਾਤੀ ਨੂੰ ਉਹ ਮਾਣ ਸਨਮਾਨ ਦਿਵਾਉਣ ਲਈ ਜਦੋਜਹਿਦ ਕਰਨ ਜਿਸ ਦੀ ਉਹ ਹੱਕਦਾਰ ਹਨ। …
ਮੈਂ ਰਾਜਵੀਰ ਦੀ ਗੱਲ ਟੋਕ ਕੇ ਵਿਚੋਂ ਪੁੱਛਦੀ ਹਾਂ, “ਫਿਰ ਸਿਮਰਨ ਦੇ ਕੀ ਬੱਚਾ ਹੋਇਆ?”
ਉਹਨੇ ਉਸੇ ਹੀ ਰੌਂਅ ਵਿਚ, ਲੜੀ ਟੁੱਟਣ ਨਹੀਂ ਦਿੱਤੀ…ਜਦੋਂ ਡਾਕਟਰ ਨੇ ਮੈਨੂੰ ਦੱਸਿਆ ਕਿ ਧੀ ਆਈ ਹੈ ਤਾਂ ਮੈਂ ਡਾਕਟਰ ਨੂੰ ਵਧਾਈਆਂ ਦਿੱਤੀਆਂ। ਮਠਿਆਈ ਦਾ ਡੱਬਾ ਮੰਗਵਾਇਆ। ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ। ਜਦੋਂ ਛੁੱਟੀ ਮਿਲੀ ਤੋਂ ਘਰ ਆਏ ਤਾਂ ਸਫ਼ਾਈ ਕਰਨ ਵਾਲੀ ਬੀਬੀ ਚੁੱਪਚਾਪ ਜਾਣ ਲੱਗੀ। ਮੈਂ ਉਸ ਨੂੰ ਕਿਹਾ, ‘ਬੂਹੇ ਅੱਗੇ ਤੇਲ ਲਿਆ ਕੇ ਢਾਲ। ਨਵਾਂ ਜੀਅ ਘਰ ਆਇਆ, ਇਸ ਨੂੰ ਸ਼ਗਨਾਂ ਨਾਲ ਅੰਦਰ ਲੈ ਕੇ ਜਾਵਾਂਗੇ’।
ਪਹਿਲਾਂ ਤਾਂ ਉਹ ਚੁੱਪ ਵੱਟੀ ਖੜ੍ਹੀ ਸੀ। ਮੇਰੇ ਅਤੇ ਸਿਮਰਨ ਦੇ ਹੱਸਦੇ ਚਿਹਰੇ ਤੱਕ ਕੇ ਉਹ ਤੇਲ ਵਾਲੀ ਸ਼ੀਸ਼ੀ ਲੈ ਆਈ। ਮੈਂ ਅੰਦਰ ਜਾ ਕੇ ਉਸ ਨੂੰ ਸੌ ਰੁਪਏ ਸ਼ਗਨ ਦਿੱਤਾ ਤਾਂ ਸਿਮਰਨ ਦੀ ਸੱਸ ਮਾਂ ਉਠਦੀ ਹੋਈ ਉਸ ਨੂੰ ਕਹਿਣ ਲੱਗੀ, ‘ਭਾਈ ਮੇਰੇ ਕੋਲੋਂ ਵੀ ਸ਼ਗਨ ਲੈਂਦੀ ਜਾ। ਜਦੋਂ ਮਾਂ ਤੇ ਨਾਨੀ ਖੁਸ਼ ਹਨ ਤਾਂ ਮੈਂ ਕਿਉਂ ਮੱਥੇ ਵੱਟ ਪਾਵਾਂ। ਆਖਰ ਹੈ ਤਾਂ ਇਹ ਮੇਰੀ ਪੋਤੀ ਹੀ ਹੈ’।
ਸੱਸ ਮਾਂ ਦੀ ਗੱਲ ਸੁਣ ਕੇ ਸਿਮਰਨ ਨੇ ਉਸ ਨੂੰ ਗਲਵੱਕੜੀ ਪਾ ਲਈ। ਦੋਵੇਂ ਰਲ ਕੇ ਹੱਸਣ ਲੱਗ ਪਈਆਂ।…
ਰਾਜਵੀਰ ਦੀਆਂ ਗੱਲਾਂ ਸੁਣ ਕੇ ਮੈਨੂੰ ਲੱਗਿਆ ਕਿ ਹਵਾ ਦਾ ਰੁਖ਼ ਬਦਲ ਰਿਹਾ ਹੈ। ਉਹ ਦਿਨ ਦੂਰ ਨਹੀਂ ਜਦੋਂ ਸੋਹਣੀ ਸੋਚ ਦੀਆਂ ਮਾਲਕ ਇਹ ਧੀਆਂ ਭੈਣਾਂ ‘ਪੱਥਰ ਮੱਥੇ ਵੱਜਿਆ’, ‘ਸਾਡੇ ਕਰਮਾਂ ਵਿਚ ਚੰਗੀ ਚੀਜ਼ ਕਿੱਥੋਂ’ ਵਰਗੇ ਕੋਝੇ ਵਿਚਾਰ ਜੋ ਔਰਤ ਜਾਤੀ ਦੀ ਤੌਹੀਨ ਕਰਦੇ ਹਨ, ਨੂੰ ਡੂੰਘਾ ਦਫ਼ਨ ਕਰ ਦੇਣਗੀਆਂ। ਆਪਣੇ ਬਲਬੂਤੇ ਤਕਦੀਰ ਅਤੇ ਤਦਬੀਰ ਨੂੰ ਨਵੇਂ ਅਰਥ ਦੇ ਕੇ ਆਪਣੇ ਹਿੱਸੇ ਦਾ ਅਸਮਾਨ ਪ੍ਰਾਪਤ ਕਰ ਲੈਣਗੀਆਂ।
ਸੰਪਰਕ: 76260-63596