ਨਿਰਮਲ ਜੌੜਾ
ਦੇਵ ਥਰੀਕਿਆਂ ਵਾਲਾ ਪੰਜਾਬੀ ਗੀਤਕਾਰੀ ਦਾ ਮੁਕੰਮਲ ਸਿਰਨਾਵਾਂ ਹੈ। ਇਸੇ ਲਈ ਉਸ ਦੀ ਗੱਲ ਕਰਨ ਲੱਗਿਆਂ ਸਮਝ ਨਹੀਂ ਆਉਂਦੀ ਕਿ ਤੰਦ ਕਿਥੋਂ ਫੜਿਆ ਜਾਵੇ। ਕਿੰਨੇ ਗਾਇਕ ਅਤੇ ਗੀਤਕਾਰ ਇਸ ਸਿਰਨਾਵੇਂ ਵਿਚ ਦਰਜ ਹੋਏ, ਕੋਈ ਹਿਸਾਬ ਨਹੀਂ। ਉਹ ਸੰਸਾਰ ਤੋਂ ਵਿਦਾ ਹੋਇਆ ਤਾਂ ਲੋਕਾਂ ਨੇ ਉਸ ਨੂੰ ਭਰੇ ਮਨ ਨਾਲ ਚੇਤੇ ਕੀਤਾ, ਦੁਨੀਆ ਦੇ ਹਰ ਕੋਨੇ ਬੈਠੀ ਪੰਜਾਬੀਅਤ ਨੇ ਸੋਗ ਮਨਾਇਆ; ਉਂਝ, ਇਸ ਸੋਗ ਵਿਚ ਪੰਜਾਬੀ ਮਾਂ ਬੋਲੀ ਕੋਲ ਬਾਦਸ਼ਾਹੀ ਕਲਮ ਹੋਣ ਦਾ ਮਾਣ ਵੀ ਸੀ।
ਉਸ ਦੇ ਗੀਤਾਂ, ਗਾਥਾਵਾਂ ਅਤੇ ਕਲੀਆਂ ਦੀ ਲਿਸਟ ਲੰਮੀ ਹੈ ਜਿਨ੍ਹਾਂ ਦੀਆਂ ਤੁਕਾਂ ਲੋਕਾਂ ਦੀ ਜ਼ਬਾਨ ਉੱਤੇ ਲੋਕ ਗੀਤਾਂ ਵਾਂਗ ਉੱਕਰੀਆਂ ਹੋਈਆਂ ਹਨ: ਮਾਂ ਹੁੰਦੀ ਏ ਮਾਂ, ਕਹੇ ਰਸਾਲੂ ਰਾਣੀਏ, ਦੁੱਲਿਆ ਵੇ ਟੋਕਰਾ ਚੁਕਾਈਂ ਆਣ ਕੇ, ਤੇਰੀ ਖ਼ਾਤਿਰ ਹੀਰੇ ਛੱਡਿਆ ਤਖ਼ਤ ਹਜ਼ਾਰੇ ਨੂੰ, ਛੇਤੀ ਕਰ ਸਰਵਣ ਪੁੱਤਰਾ, ਤੇਰੇ ਟਿੱਲੇ ਤੋਂ ਸੂਰਤ ਦੀਹਦੀ ਆ ਹੀਰ ਦੀ, ਆਖੇ ਅਕਬਰ ਬਾਦਸ਼ਾਹ ਸੱਦ ਜੈਮਲ ਨੂੰ ਦਰਬਾਰ…। ‘ਟਿੱਲੇ ਵਾਲਿਆ ਮਿਲਾ ਦੇ ਜੱਟੀ ਹੀਰ ਨੂੰ, ਤੇਰਾ ਕਿਹੜਾ ਮੁੱਲ ਲੱਗਦਾ’ ਪਤਾ ਨਹੀਂ ਕਿੰਨੇ ਗਾਇਕਾਂ ਨੇ ਗਾਇਆ।
ਆਪਣੇ ਅਧਿਆਪਕ ਹਰੀ ਸਿੰਘ ਦਿਲਬਰ ਦੀ ਪ੍ਰੇਰਨਾ ਸਦਕਾ ਕਲਮ ਚੁੱਕੀ, ਬਾਲ ਰਚਨਾਵਾਂ ਲਿਖੀਆਂ। ਬਾਅਦ ਵਿਚ ਬਤੌਰ ਕਹਾਣੀਕਾਰ ਹਰਦੇਵ ਦਿਲਗੀਰ ਦਾ ਸ਼ੁਰੂ ਹੋਇਆ ਸਫ਼ਰ, ਸਾਹਿਤਕ ਗੀਤਾਂ ਦੀ ਰਚਨਾ ਕਰਦਾ ਕਰਦਾ ਗਾਥਾਵਾਂ, ਕਲੀਆਂ ਵਾਲੇ ਦੇਵ ਥਰੀਕਿਆਂ ਵਾਲੇ ਤੱਕ ਪਹੁੰਚਿਆਂ ਤਾਂ ਦੇਵ ਲੋਕ ਮਨਾਂ ਤੇ ਰਾਜ ਕਰਨ ਲੱਗਿਆ। ਚਾਰ ਕਹਾਣੀ ਸੰਗ੍ਰਹਿ, ਹਾਜ਼ਾਰਾਂ ਗੀਤ-ਗਾਥਾਵਾਂ ਲਿਖਣ ਵਾਲੇ ਦੇਵ ਨੇ ਥਰੀਕੇ ਪਿੰਡ ਨੂੰ ਦੁਨੀਆ ਦੇ ਨਕਸ਼ੇ ਉਤੇ ਗੂੜ੍ਹੇ ਅੱਖਰਾਂ ਵਿਚ ਲਿਖਿਆ। ਲੁਧਿਆਣਾ ਤੋਂ ਮੋਗੇ ਵੱਲ ਜਾਂਦਿਆਂ ਜਾਂ ਆਉਂਦਿਆਂ ਜਦੋਂ ਕੋਈ ਥਰੀਕੇ ਪਿੰਡ ਦਾ ਬੋਰਡ ਪੜ੍ਹਦਾ ਤਾਂ ਦੇਵ ਅੱਖਾਂ ਮੂਹਰੇ ਆ ਜਾਂਦਾ ਅਤੇ ਨਾਲ ਦੀ ਨਾਲ ਕੁਲਦੀਪ ਮਾਣਕ ਦੀ ਟੁਣਕਵੀਂ ਆਵਾਜ਼ ਕੰਨੀ ਪੈਣ ਲਗਦੀ ਹੈ। ਇਹ ਦੇਵ ਦਾ ਜਾਦੂ ਹੈ। ਥਰੀਕੇ ਪਿੰਡ ਨਾਲ ਉਸ ਨੂੰ ਅੰਤਾਂ ਦਾ ਮੋਹ ਰਿਹਾ। ਪਿੰਡ ਦੇ ਲੋਕ ਵੀ ਉਸ ਦਾ ਬਹੁਤ ਮਾਣ ਕਰਦੇ ਹਨ। ਪਿੰਡ ਦੀ ਜ਼ਮੀਨ ਸ਼ਹਿਰ ਵਿਚ ਰਲਣ ਤੋਂ ਉਹਦਾ ਮਨ ਖੁਸ਼ ਨਹੀਂ ਸੀ, ਉਸ ਨੇ ਗੀਤ ਵੀ ਲਿਖਿਆ- ਚਾਲੀ ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ।
ਥਰੀਕੇ ਪਿੰਡ ਦੇਵ ਦੀ ਜਨਮ ਭੂਮੀ ਹੈ, ਹੁਣ ਉਹ ਉਸੇ ਮਿੱਟੀ ’ਚ ਸਮਾ ਗਿਆ, ਇਹੀ ਉਸ ਦੀ ਤਮੰਨਾ ਸੀ ਪਰ ਥਰੀਕੇ ਉਸ ਦਾ ਪਿੰਡ ਨਹੀਂ। ਉਸ ਦਾ ਪਿੰਡ ਸੰਗਰੂਰ ਜ਼ਿਲ੍ਹੇ ’ਚ ਹੈ ਰਹੀੜਾਂ। ਦੇਵ ਦੇ ਬਾਪ ਰਾਮ ਸਿੰਘ ਦੀ ਭੂਆ ਥਰੀਕੇ ਵਿਆਹੀ ਸੀ। ਦੇਵ ਦੇ ਬਾਪ ਨੂੰ ਉਸ ਦੀ ਭੂਆ ਨੇ ਆਪਣੇ ਕੋਲ ਰੱਖ ਕੇ ਪਾਲਿਆ; ਇਸ ਲਈ ਦੇਵ, ਥਰੀਕਆਂ ਦਾ ਹੋ ਗਿਆ। ਬਚਪਨ ਤੋਂ ਜਵਾਨੀ ’ਚ ਪੈਰ ਰੱਖਦਿਆ ਉਸ ਨੇ ਇੰਦਰਜੀਤ ਹਸਨਪੁਰੀ ਦਾ ਗੀਤ ‘ਸਾਧੂ ਹੁੰਦੇ ਰੱਬ ਵਰਗੇ, ਘੁੰਢ ਕੱਢ ਕੇ ਖੈਰ ਨਾ ਪਾਈਏ’ ਸੁਣਿਆ ਤਾਂ ਗੀਤ ਲਿਖਣ ਦੀ ਤਮੰਨਾ ਜਾਗੀ। ਗੁਰਦੇਵ ਸਿੰਘ ਮਾਨ ਦੇ ਲੜ ਲੱਗ ਗਿਆ। ਜਲਾਲ ਪਿੰਡ ਤੋਂ ਆਏ ਕੁਲਦੀਪ ਮਾਣਕ ਨਾਲ ਮੇਲ ਹੋਇਆ ਤਾਂ ਦੇਵ ਦੀ ਕਲਮ ਅਤੇ ਮਾਣਕ ਦੀ ਆਵਾਜ਼ ਨੇ ਧੁੰਮਾਂ ਪਾ ਦਿੱਤੀਆਂ। ਕੁਲਦੀਪ ਮਾਣਕ ਦੀ ਮਾਤਾ ਦੀ ਮੌਤ ਵੇਲੇ ਸਿਰਜਿਆ ਉਸ ਦਾ ਗੀਤ ‘ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ’ ਕੁਲ ਦੁਨੀਆ ਦੀਆਂ ਮਾਵਾਂ ਦੇ ਸਤਿਕਾਰ ਦੀ ਸ਼ਾਹਕਾਰ ਰਚਨਾ ਬਣੀ।
70ਵਿਆਂ ’ਚ ਦੇਵ ਦੀ ਗੀਤਕਾਰੀ ਨੇ ਪੰਜਾਬੀ ਸੰਗੀਤ ਨੂੰ ਮੋੜਾ ਦਿੱਤਾ ਪਰ ਸ਼ੁਰੂ ਤੋਂ ਅਖੀਰ ਤੱਕ ਉਸ ਨੇ ਸਮਝੌਤੇ ਨਾਲ ਜਾਂ ਕਿਸੇ ਦੇ ਕਹਿਣ ’ਤੇ ਗੀਤ ਨਹੀਂ ਲਿਖਿਆ ਬਲਕਿ ਮਨ ਦੀ ਆਵਾਜ਼ ਤੇ ਲਿਖਿਆ ਜਾਂ ਆਪਣੀ ਰੂਹ ਦੇ ਰੱਜ ਲਈ। ਨਵੇਂ ਗੀਤਕਾਰਾਂ ਅਤੇ ਗਾਇਕਾਂ ਨੂੰ ਉਸ ਨੇ ਹਮੇਸ਼ਾ ਚੰਗਾ ਲਿਖਣ ਗਾਉਣ ਲਈ ਪ੍ਰੇਰਿਆ। ਉਸ ਵਿਚਲਾ ਸੁਹਿਰਦ ਸ਼ਾਇਰ ਹਮੇਸ਼ਾ ਜਿਊਂਦਾ ਰਿਹਾ। ਦੇਵ ਕੋਲ ਬੈਠੀਏ ਤਾਂ ਉਹ ਹਮੇਸ਼ਾ ਸਾਹਿਤ ਦੀ ਗੱਲ ਕਰਦਾ, ਸੰਗੀਤ ਦੀ ਗੱਲ ਹੁੰਦੀ ਜਾਂ ਫਿਰ ਲੋਕਾਂ ਦੇ ਦੁੱਖਾਂ ਤਕਲੀਫਾਂ ਦੀ। ਉਹ ਨਾ ਸਿਆਸਤ ਦੀ ਗੱਲ ਛੇੜਦਾ ਸੀ ਅਤੇ ਨਾ ਹੀ ਕਿਸੇ ਦੀ ਚੁਗਲੀ ਨਿੰਦਿਆ ਕਰਦਾ। ‘ਜੀਅ ਨਾਲ ਜਹਾਨ ਆ’ ਵਾਲੀ ਫਿਤਰਤ ਸੀ ਉਸ ਦੀ।
ਦੇਵ ਦਾ ਸਭ ਤੋਂ ਵੱਡਾ ਗੁਣ ਸੀ ਕਿਤਾਬਾਂ, ਅਖਬਾਰਾਂ, ਰਸਾਲਿਆਂ ਨਾਲ ਦੋਸਤੀ। ਪੜ੍ਹਨ ਦਾ ਉਸ ਨੂੰ ਜਨੂਨ ਸੀ, ਪੰਜਾਬੀ ਵਾਰਤਕ ਅਤੇ ਇਤਿਹਾਸਕ ਸਾਹਿਤ ਜਿਥੇ ਵੀ ਮਿਲੇ, ਉਹ ਪੜ੍ਹਦਾ। ਇਸੇ ਕਰਕੇ ਉਸ ਦੇ ਗੀਤਾਂ ਵਿਚ ਇਤਿਹਾਸਕ ਹਵਾਲੇ ਮਿਲਦੇ ਹਨ ਅਤੇ ਉਹ ਸਮੇਂ ਦੇ ਹਾਣ ਦੀ ਗੱਲ ਕਰਦਾ ਰਿਹਾ। ਦੇਵ ਨੂੰ ਦੁਨੀਆ ਭਰ ਦੇ ਮਾਣ-ਸਨਮਾਨ ਮਿਲੇ ਪਰ ਉਹ ਸਨਮਾਨਾਂ ਦੀ ਦੌੜ ਵਿਚ ਕਦੇ ਨਹੀਂ ਲੱਗਿਆ ਬਲਕਿ ਕੰਨੀ ਕਤਰਾਉਂਦਾ ਸੀ। ਉਹ ਲੋਕਾਂ ਦੇ ਪਿਆਰ ਨੂੰ ਵੱਡਾ ਸਨਮਾਨ ਸਮਝਦਾ ਸੀ। ਵੀਹ ਸਾਲ ਪਹਿਲਾਂ ਦੇਵ ਦੇ ਜਿਊਂਦਿਆ ਉਸ ਦੇ ਨਾਮ ਉੱਤੇ ਇੰਗਲੈਂਡ ਵਿਚ ਸੁਸਾਇਟੀ ਬਣੀ, ਇਸ ਤੋਂ ਵੱਡਾ ਸਨਮਾਨ ਕੀ ਹੋਵੇਗਾ!
ਦੇਵ ਮੁਹੱਬਤੀ ਇਨਸਾਨ ਸੀ। ਦਿਲ ਦਾ ਨਰਮ। ਹਰ ਇੱਕ ਨੂੰ ਆਪਣੇ ਕਲਾਵੇ ਵਿਚ ਲੈਣ ਵਾਲਾ। ਹਮੇਸ਼ਾ ਹਾਸੇ ਠੱਠੇ ਅਤੇ ਚੜ੍ਹਦੀ ਕਲਾ ਵਿਚ ਰਹਿਣ ਵਾਲਾ ਪੰਜਾਬੀ ਦਾ ਇਹ ਬਾਦਸ਼ਾਹੀ ਗੀਤਕਾਰ ਆਪਣੀ ਜੀਵਨ ਸਾਥਣ ਪ੍ਰੀਤਮ ਕੌਰ ਦੇ ਤੁਰ ਜਾਣ ਤੋਂ ਬਾਅਦ ਉਦਾਸ ਰਹਿਣ ਲੱਗ ਪਿਆ ਸੀ। ਮਹਿਫਲਾਂ ਵਿਚ ਵੀ ਉਹਦੇ ਚਿਹਰੇ ਉਤੇ ਇਸ ਵਿਯੋਗ ਦਾ ਅਸਰ ਦਿਸਦਾ। ਜਦੋਂ ਕਦੇ ਉਸ ਕੋਲ ਘਰੇ ਜਾਣਾ ਤਾਂ ਉਸ ਆਖਣਾ, “ਧੀਆਂ ਪੁੱਤ ਸੇਵਾ ਤਾਂ ਬਹੁਤ ਕਰਦੇ ਆ ਮੇਰੀ ਪਰ ਰੋਟੀ ਥੋਡੀ ਬੇਬੇ ਦੀ ਪਕਾਈ ਈ ਸੁਆਦ ਲਗਦੀ ਸੀ।” ਰਸੋਈ ਵੱਲ ਦੇਖ ਅੱਖਾਂ ਭਰ ਲੈਣੀਆਂ, “ਜੇ ਥੋਡੀ ਬੇਬੇ ਹੁੰਦੀ ਤਾਂ…’, ਫਿਰ ਉਹ ਚੁੱਪ ਹੋ ਜਾਂਦਾ, ਬੱਸ ਇਸੇ ਉਦਾਸੀ ਵਿਚ ਉਹ ਸਦਾ ਲਈ ਚੁੱਪ ਹੋ ਗਿਆ ਪਰ ਉਸ ਦੇ ਗੀਤ ਚੁੱਪ ਨਹੀਂ ਰਹਿਣਗੇ; ਪੁਰਾਣੇ ਨਵੇਂ ਗਾਇਕਾਂ ਦੀ ਆਵਾਜ਼ ਵਿਚ ਸਦਾ ਗੂੰਜਦੇ ਰਹਿਣਗੇ।
ਸੰਪਰਕ: 98140-78799