ਜਗਦੀਪ ਸਿੱਧੂ
ਬੜੇ ਚਿਰ ਬਾਅਦ ਫੁੱਟਬਾਲ ਮੈਚ ਦੇਖਿਆ। ਮੌਕਾ ਸੀ ਖੇਡਾਂ ਵਤਨ ਪੰਜਾਬ ਦੀਆਂ। ਉਮਰ ਵਰਗ ਇੱਕੀ ਤੋਂ ਚਾਲੀ ਤਕ। ਸੈਕਟਰ ਛਿਆਲੀ ਚੰਡੀਗੜ੍ਹ। ਉਂਝ ਸ਼ਹਿਰ ਵਿਚ ਵੱਖਰੇ ਵੱਖਰੇ ਸੈਕਟਰਾਂ ਵਿਚ ਕੰਮੀਂ-ਕਾਰੀਂ ਤੁਰੇ ਫਿਰੀਦਾ ਸੀ। ਸੈਕਟਰ ਜ਼ਿੰਦਗੀ ਦੀ ਗਿਣਤੀ-ਮਿਣਤੀ ਹੀ ਲੱਗਦੇ; ਛਿਆਲੀ ਸਪੋਰਟਸ ਕੰਪਲੈਕਸ ਆਉਣ ਨਾਲ ਇਹ ਭਰਮ ਟੁੱਟਿਆ। ਪਾਰਕਾਂ ਵਿਚ ਸੋਹਣਾ ਘਾਹ ਦੇਖ ਕੇ ਚਿੱਤ ਨੂੰ ਹਮੇਸ਼ਾ ਖ਼ਾਲੀਪਨ ਲੱਗਦਾ; ਖਿਡਾਰੀਆਂ ਦੇ ਝਉਲੇ ਜਿਹੇ ਪੈਂਦੇ। ਫਾਈਨਲ ਮੈਚ ਸੀ ਲੁਧਿਆਣਾ ਤੇ ਜਲੰਧਰ ਵਿਚਕਾਰ। ਹੈਰਾਨੀ ਹੋਈ ਹੁਸ਼ਿਆਰਪੁਰ ਫਾਈਨਲ ਵਿਚ ਨਹੀਂ ਸੀ ਪੁੱਜਿਆ। ਕਿਸੇ ਸਮੇਂ ਸਿਰਫ਼ ਇਹੀ ਪੁੱਛੀਦਾ ਸੀ, ਦੂਜਾ ਕੌਣ ਹੈ ਫਾਈਨਲ ਵਿਚ? ਜਿਹੜੇ ਇਲਾਕੇ ਕਿਸੇ ਖੇਡ ਵਿਚ ‘ਨਰਸਰੀ` ਸਨ; ਉੱਥੇ ਨਿਖਾਰ ਦੀ ਥਾਂ ਨਿਘਾਰ ਕਿਵੇਂ ਆਇਆ; ਲੰਮੇ ਸੰਵਾਦ ਦਾ ਵਿਸ਼ਾ ਹੈ। ਮੇਰੇ ਨਾਲ ਸ਼ਰੀਕੇ-ਮੈਚ ਸਨ, ਖੇਡ ਲੇਖਕ ਦੋਸਤ ਨਵਦੀਪ ਗਿੱਲ। ਨਵਦੀਪ ਖੇਡਾਂ ਦੇ ਖੇਤਰ ਦਾ ਇਨਸਾਈਕਲੋਪੀਡੀਆ ਹੈ। ਕੋਈ ਰਿਕਾਰਡ, ਉਪਲਬਧੀ ਦੇਖਣ ਲਈ ਉਸ ਨੂੰ ਕਿਸੇ ਕਿਤਾਬ ਜਾਂ ਗੂਗਲ ਦਾ ਸਹਾਰਾ ਨਹੀਂ ਲੈਣਾ ਪੈਂਦਾ।
ਦੋਵੇਂ ਟੀਮਾਂ ਦੇ ਖਿਡਾਰੀ ‘ਵਾਰਮ ਅੱਪ` ਹੋ ਰਹੇ ਨੇ। ਆਪਣਾ ਸਮਾਂ ਯਾਦ ਆਇਆ; ਇਸ ਤੋਂ ਜ਼ਿੰਦਗੀ ਵਿਚ ਬੜਾ ਕੁਝ ਸਿੱਖਿਆ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਖ਼ੁਦ ਨੂੰ ਤਿਆਰ ਕਰਨਾ, ਭਖਾਉਣਾ ਜ਼ਰੂਰ। ਜਦ ਤੋਂ ਸਿਰਜਣਾਤਮਕ ਲੇਖਣ ਵਿਚ ਆਇਆ, ਲਿਖਣ ਤੋਂ ਪਹਿਲਾਂ ਉਸ ਵਿਧਾ ਵਿਚ ਚੰਗਾ ਲਿਖਿਆ ਪੜ੍ਹਦਾਂ। ਇਸ ਤਰ੍ਹਾਂ ਥੋੜ੍ਹਾ ਰਵਾਂ ਹੋ ਜਾਈਦਾ।
ਨਵਦੀਪ ਦੀਆਂ ਦੋਵੇਂ ਧੀਆਂ ਵੀ ਮੈਚ ਦੇਖਣ ਆਈਆਂ ਸਨ। ਉਹਨਾਂ ਨੂੰ ਫੁੱਟਬਾਲ ਬੂਟਾਂ ਬਾਬਤ ਦੱਸੀ ਜਾਂ ਪੁੱਛੀ ਗੱਲ ਉੱਡਦੀ ਉੱਡਦੀ ਜਿਹੀ ਮੈਂ ਸੁਣੀ। ਫੁੱਟਬਾਲ ਖੇਡਣ ਵਾਲੇ ਬੂਟਾਂ ਥੱਲੇ ਗਿੱਟੀਆਂ ਲੱਗੀਆਂ ਹੁੰਦੀਆਂ। ਸੋਚਦਾਂ, ਇਹ ਗਰਾਊਂਡ ਤੋਂ ਬਾਹਰ ਪੂਰਨ ਤੌਰ ਟਿਕਦੇ ਨਹੀਂ ਪਰ ਮੇਰੇ ਵਰਗੇ ਬਹੁਤ ਲੋਕਾਂ ਨੂੰ ਪੈਰਾਂ ’ਤੇ ਖੜ੍ਹੇ ਕਰਨ ਲਈ ਬਹੁਤ ਮਦਦਗਾਰ ਸਾਬਤ ਹੋਏ। ਤੋਰਾ ਫੇਰਾ ਕਰਵਾਇਆ; ਜਿਹੜੇ ਸ਼ਹਿਰ, ਪਿੰਡ ਮੈਂ ਕਦੇ ਮਿੱਥ ਕੇ ਦੇਖਣੇ ਨਹੀਂ ਸਨ, ਉਹ ਦੇਖੇ ਘੁੰਮੇ।
ਮੈਚ ਸ਼ੁਰੂ ਹੋ ਗਿਆ। ਦੋਵੇਂ ਟੀਮਾਂ ਪੂਰੇ ਜੋਸ਼ ਨਾਲ ਖੇਡ ਰਹੀਆਂ। ਬਰਾਬਰ ਦੇ ਅਟੈਕ ਹੋ ਰਹੇ। ਮੈਨੂੰ ਲੱਗਦਾ ਕਵੀ ਹੋਣਾ ਬੁਰੀ ਮਰਜ਼ ਵੀ ਹੈ; ਹਰ ਗੱਲ ’ਚੋਂ ਬਿੰਬ ਤਲਾਸ਼ ਕਰਨਾ! ਹੁਣ ਮੈਨੂੰ ‘ਡਿਫੈਂਸ’ ਕਰਦੇ ਖਿਡਾਰੀ ਨਜ਼ਰੀਂ ਪੈਂਦੇ। ਉਹਨਾਂ ਦੇ ਛੋਟੇ ਨੰਬਰ ਦੀਆਂ ਜਰਸੀਆਂ ਪਾਈਆ ਹੋਈਆਂ ਨੇ। ਮੈਂ ਸੋਚਣ ਲੱਗ ਜਾਣਾ ਹੈ- ਥੋੜ੍ਹੀ, ਛੋਟੀ ਗਿਣਤੀ ਨੇ ਹਮੇਸ਼ਾ ਬਚਾਓ ਦੀ ਮੁਦਰਾ ਵਿਚ ਰਹਿਣਾ ਹੈ।
ਸੋਚ ਰਿਹਾਂ, ਹਾਕੀ ਦੇ ਮੁਕਾਬਲੇ ਫੁੱਟਬਾਲ ਵਿਚ ਮੁੰਡਿਆਂ ਦੇ ਜੂੜੇ ਘੱਟ ਹੁੰਦੇ ਨੇ। ਸ਼ਾਇਦ ਹੈੱਡ ਲਾਉਣ ’ਚ ਔਖ ਹੁੰਦੀ ਹੋਵੇ। ਗੱਲ ਤੁਰਦੀ ਹੈ; ਨਵਦੀਪ ਗਿੱਲ ਦੀ ਗੱਲ ਤੋਂ ਪਤਾ ਲੱਗਦਾ ਕਿ ਖੇਡ ਲੇਖਕ ਜਾਂ ਪੱਤਰਕਾਰ ਦਾ ਖੇਡਾਂ ਪ੍ਰਤੀ ਕਿੰਨਾ ਜੁੜਾਉ ਹੋਣਾ ਚਾਹੀਦਾ ਹੈ। ਉਦਾਹਰਨ ਦਿੰਦੇ ਹਨ- ਜਰਨੈਲ ਸਿੰਘ ਦੁਨੀਆ ਦਾ ਬੈਸਟ ਡਿਫੈਂਡਰ, ਜੂੜਾ ਹੁੰਦੇ ਹੋਏ ਕਮਾਲ ਦਾ ਹੈੱਡਰ ਲਾਉਂਦਾ ਸੀ।
ਦੋਵੇਂ ਪਾਸਿਓਂ ਹਮਲਾਵਰ ਖੇਡ ਦੇ ਬਾਵਜੂਦ ਪਹਿਲੇ ਚਾਲੀ ਮਿੰਟ ਕੋਈ ਟੀਮ ਗੋਲ ਨਾ ਕਰ ਸਕੀ। ਗੋਲ ਕਰਨਾ ਖਿਡਾਰੀਆਂ ਦਾ ਤੇ ਗੋਲ ਹੁੰਦਾ ਦੇਖਣਾ, ਦਰਸ਼ਕਾਂ ਦਾ ਚਰਮ ਸੁਖ ਹੁੰਦਾ। ਇਕ ਵਾਰ ਫੀਫਾ ਵਿਚ ਲੰਮਾ ਸਮਾਂ ਸੰਵਾਦ ਵੀ ਚੱਲਿਆ ਸੀ ਕਿ ਜਾਂ ਤਾਂ ਗਰਾਊਂਡ ਵੱਡਾ ਕਰ ਦਿੱਤਾ ਜਾਵੇ ਜਾਂ ਇਕ ਖਿਡਾਰੀ ਘਟਾ ਦਿੱਤਾ ਜਾਵੇ ਤਾਂ ਕਿ ਗੋਲ ਹੋ ਸਕਣ।
ਪੰਜਤਾਲੀ ਮਿੰਟ ਹੋ ਗਏ। ਅੱਧਾ ਸਮਾਂ ਸਮਾਪਤ ਹੋ ਗਿਆ। ਮੈਦਾਨ ਨੂੰ ਮੋਹ ਨਾਲ ਦੇਖਦਾਂ। ਕਦੇ ਧਰਤੀ ਦਾ ਇਹ ਛੋਟਾ ਜਿਹਾ ਟੁਕੜਾ ਹੀ ਜ਼ਿੰਦਗੀ ਹੁੰਦਾ ਸੀ। ਨਜ਼ਰ ਮੱਧ ਵਿਚਕਾਰ ਖਿੱਚੀ ਸਫ਼ੈਦ ਲਕੀਰ ’ਤੇ ਜਾਂਦੀ ਹੈ। ਕਵੀ ਮਨ ਫੇਰ ਆਪਣੀਆਂ ਆਦਤਾਂ ’ਤੇ ਆ ਜਾਂਦਾ ਹੈ; ਸਰਹੱਦਾਂ ’ਤੇ ਚਿੱਟੀਆਂ ਲਕੀਰਾਂ ਹੀ ਖਿੱਚੀਆਂ ਹੁੰਦੀਆਂ, ਕਿਤੇ ਤੁਰੇ-ਫਿਰਦੇ ਹੱਸਦੇ-ਖੇਡਦੇ।
ਕੋਚ ਸਾਹਿਬਾਨ ਖਿਡਾਰੀਆਂ ਨੂੰ ਕੀਤੀਆਂ ਗ਼ਲਤੀਆਂ ਕਾਰਨ ਝਿੜਕ ਰਹੇ। ਮਰਹੂਮ ਕੋਚ ਅਲੀ ਹਸਨ ਸਾਹਿਬ ਯਾਦ ਆਏ। ਉਹਨਾਂ ਦੀ ਮਾਹਿਲਪੁਰ, ਪੰਜਾਬ ਫੁੱਟਬਾਲ ਨੂੰ ਵੱਡੀ ਦੇਣ ਹੈ।
ਦੋ ਕੁ ਸਾਲ ਪਹਿਲਾਂ ਖ਼ਾਲਸਾ ਕਾਲਜ ਮਾਹਿਲਪੁਰ ਉਸੇ ਗਰਾਊਂਡ ਦੇ ਸਾਹਮਣੇ ਜਿੱਥੇ ਕਦੇ ਖੇਡਿਆ ਕਰਦੇ ਸਾਂ, ਕਵਿਤਾ ਪੜ੍ਹੀ। ਪੁੱਛਣ ’ਤੇ ਪਤਾ ਲੱਗਿਆ, ਕੋਚ ਸਾਹਿਬ ਦੋ ਕੁ ਮਿੰਟ ਪਹਿਲਾਂ ਉਥੋਂ ਗਏ ਨੇ। ਉਹ ਕੁਝ ਦਿਨਾਂ ਬਾਅਦ ਹੀ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਉਹਨਾਂ ਨੂੰ ਜਾਂਦੀ ਵਾਰੀ ਨਾ ਮਿਲਣ ਦਾ ਅਫਸੋਸ ਰਹੇਗਾ।
ਖਿਡਾਰੀ ਤਾਜ਼ਾ ਦਮ ਹੋ ਕੇ ਫੇਰ ਮੈਦਾਨ ਵਿਚ ਪਰਤਦੇ ਨੇ। ਦੋਵੇਂ ਟੀਮਾਂ ਛੋਟੇ ਛੋਟੇ ਪਾਸਾਂ ਨਾਲ ਖੇਡਣ ਦੀ ਕੋਸ਼ਿਸ਼ ਕਰਦੀਆਂ ਨੇ। ਜ਼ਮੀਨ ’ਤੇ ਫੁੱਟਬਾਲ ਰੱਖਣ ਨਾਲ ਉਹ ਕਿਤੇ ਭਟਕਦੀ, ਭਾਵ ਕੰਟਰੋਲ ਤੋਂ ਬਾਹਰ ਨਹੀਂ ਹੁੰਦੀ। ਫੇਰ ਮਨ ਵਿਚ ਵਿਚਾਰ ਆਉਂਦਾ- ਜ਼ਮੀਨ ’ਤੇ ਰਹਿਣ ਵਾਲਾ ਸੱਚੀਂ ਮਾਰ ਨਹੀਂ ਖਾਂਦਾ।
ਕਿੰਨੇ ਹੀ ਸ਼ਾਟ, ਦੇਖ ਕੇ ਯਾਦ ਆ ਗਏ; ਫੁੱਲ ਬਾਲੀ, ਹਾਫ ਬਾਲੀ।…
ਮਿਡਫੀਲਡਰਾਂ ਦਾ ਸਭ ਨਾਲੋਂ ਵੱਧ ਜ਼ੋਰ ਲੱਗਦਾ। ਉਹਨਾਂ ਨੂੰ ਪਿੱਛੇ ਵੀ ਧਿਆਨ ਰੱਖਣਾ ਪੈਂਦਾ, ਅੱਗੇ ਫਾਰਵਰਡ ਉਹਨਾਂ ਦੇ ਸਹਿਯੋਗ ਨਾਲ ਹੀ ਚੰਗਾ ਖੇਡਦੇ, ਗੋਲ ਕਰਦੇ।
ਤੈਅ ਨੱਬੇ ਮਿੰਟਾਂ ਵਿਚ ਕੋਈ ਗੋਲ ਨਹੀਂ ਹੋਇਆ। ਪੰਦਰਾਂ ਮਿੰਟ ਹੋਰ ਸਮਾਂ ਦੇਣ ਤੋਂ ਬਾਅਦ ਹਾਲ ਫੇਰ ਵੀ ਜਿਉਂ ਦਾ ਤਿਉਂ ਰਿਹਾ।
ਆਖ਼ਿਰ ਨੂੰ ਮੈਚ ਪੈਨਲਟੀ ਸ਼ੂਟ ਆਊਟ ’ਤੇ ਆ ਗਿਆ। ‘ਪੈਨਲਟੀ` ਦਾ ਪੰਜਾਬੀ ਵਿਚ ਅਰਥ ਜੁਰਮਾਨਾ, ਸਜ਼ਾ ਬਣਦਾ ਹੈ। ਲੱਗਦਾ, ਇਉਂ ਕਿਹਾ ਜਾ ਰਿਹਾ ਹੋਵੇ ਕਿ ਇਹ ਤੈਅ ਸਮੇਂ ਵਿਚ ਕੋਈ ਗੋਲ ਨਾ ਕਰਨ ਦੀ ਸਜ਼ਾ ਹੈ। ਇਸ ਹਾਲ ਵਿਚ ਧੜਕਣਾਂ ਆਪੇ ਤੇਜ਼ ਹੋ ਜਾਂਦੀਆਂ। ਇਸ ਥਾਂ ’ਤੇ ਆ ਕੇ ਹਾਰ ਪਚਾਉਣੀ ਔਖੀ ਹੋ ਜਾਂਦੀ ਹੈ।
ਪੈਨਲਟੀ ਸ਼ੂਟ ਆਊਟ ਵਿਚ ਲੁਧਿਆਣਾ ਜਿੱਤ ਗਿਆ। ਲੁਧਿਆਣਾ ਮਾਲਵਾ, ਜਲੰਧਰ ਦੁਆਬਾ ਵਿਚਕਾਰ ਜਿੰਨਾ ਕੁ ਫਰਕ ਹੈ, ਓਨੀ ਕੁ ਵਿੱਥ ਨਾਲ ਜਲੰਧਰ ਹਾਰ ਗਿਆ।
ਸੰਪਰਕ: 82838-26876