ਮੁੰਡੇ ਕੁੜੀ ਵਿੱਚ ਫ਼ਰਕ...

ਮੁੰਡੇ ਕੁੜੀ ਵਿੱਚ ਫ਼ਰਕ...

ਸੁਪਿੰਦਰ ਸਿੰਘ ਰਾਣਾ

ਮੇਰੀ ਪਤਨੀ ਦਾ ਪਹਿਲਾ ਜਣੇਪਾ ਉਸ ਦੇ ਪੇਕੇ ਘਰ ਹੋਇਆ। ਜਦੋਂ ਸਾਡੇ ਘਰ ਦੂਜੇ ਬੱਚੇ ਨੇ ਆਉਣਾ ਸੀ ਤਾਂ ਮਾਂ ਨੇ ਮੇਰੇ ਸਹੁਰੇ ਪਰਿਵਾਰ ਨੂੰ ਆਖ ਦਿੱਤਾ, ‘‘ਭਾਈ, ਇਸ ਵਾਰ ਬਹੂ ਦਾ ਜਣੇਪਾ ਸਾਡੇ ਘਰ ਵਿੱਚ ਹੀ ਹੋਵੇਗਾ। ਐਂਤਕੀ ਮੈਂ ਨੀ ਭੇਜਣੀ।’’ ਅਧਰੰਗ ਕਾਰਨ ਮਾਂ ਦੀ ਭਾਵੇਂ ਇੱਕ ਬਾਂਹ ਨਹੀਂ ਸੀ ਚਲਦੀ ਤੇ ਕਦਮ ਵੀ ਹੌਲੀ ਹੌਲੀ ਪੁੱਟਦੀ ਹੁੰਦੀ ਸੀ, ਪਰ ਹਿੰਮਤ ਉਸ ਵਿਚ ਬਹੁਤ ਸੀ।

ਮੇਰੀ ਸੱਸ, ਜਿਸ ਨੂੰ ਅਸੀਂ ਸਾਰੇ ਬੀਬੀ ਆਖਦੇ ਸਨ, ਉਹ ਕਹਿਣ ਲੱਗੇ, ‘‘ਭੈਣ ਜੀ ਜਿਵੇਂ ਤੁਸੀਂ ਆਖਦੇ ਹੋ ਇੰਜ ਹੀ ਹੋਵੇਗਾ।’’ ਉਨ੍ਹਾਂ ਕਿਹਾ, ‘‘ਅਸੀਂ ਤਾਂ ਇਸ ਲਈ ਲਿਜਾਣਾ ਚਾਹੁੰਦੇ ਸਾਂ ਕਿਉਂਕਿ ਤੁਹਾਡੀ ਸਿਹਤ ਠੀਕ ਨਹੀਂ ਰਹਿੰਦੀ ਤੇ ਘਰ ਵਿੱਚ ਕੋਈ ਤੀਵੀਂ ਮਾਨੀ ਵੀ ਨਹੀਂ ਹੈ। ਸੋ ਅਸੀਂ ਇਸ ਨੂੰ ਖਰੜ ਲੈ ਜਾਂਦੇ ਹਾਂ।’’ ਮਾਂ ਨੇ ਕਿਹਾ, ‘‘ਪਹਿਲਾਂ ਹੀ ਤੁਹਾਡਾ ਸਾਡੇ ’ਤੇ ਬਹੁਤ ਅਹਿਸਾਨ ਹੈ, ਇਸ ਕਰਕੇ ਜਿਵੇਂ ਵੀ ਹੋਵੇਗਾ ਅਸੀਂ ਕਰਾਂਗੇ। ਜੇ ਤੁਹਾਡੀ ਲੋੜ ਪਵੇਗੀ ਤਾਂ ਤੁਹਾਨੂੰ ਸੱਦ ਲਵਾਂਗੇ। ਤੁਸੀਂ ਕਿਹੜਾ ਬਹੁਤੀ ਦੂਰ ਹੋ। ਬਾਕੀ ਤੁਸੀਂ ਆਪਣੀ ਧੀ ਵੱਲੋਂ ਬੇਫ਼ਿਕਰ ਹੋ ਜਾਵੋ ਇਹ ਸਾਡੇ ਪਰਿਵਾਰ ਦਾ ਜੀਅ ਹੈ। ਅਸੀਂ ਇਸ ਦੀ ਸੰਭਾਲ ਤੁਹਾਡੇ ਨਾਲੋਂ ਵੱਧ ਰੱਖਣ ਦੀ ਕੋਸ਼ਿਸ਼ ਕਰਾਂਗੇ।’’ ਚਾਹ-ਪਾਣੀ ਪੀਣ ਤੋਂ ਬਾਅਦ ਬੀਬੀ ਚਲੀ ਗਈ। ਹੌਲੀ-ਹੌਲੀ ਸਮਾਂ ਲੰਘਦਾ ਗਿਆ। ਉਂਜ ਹਫ਼ਤੇ ਦਸ ਦਿਨਾਂ ਬਾਅਦ ਸਹੁਰਿਆਂ ਤੋਂ ਕੋਈ ਨਾ ਕੋਈ ਜੀਅ ਸਾਡੇ ਘਰ ਆ ਜਾਂਦਾ। ਉਨ੍ਹਾਂ ਦਿਨਾਂ ਵਿੱਚ ਟੈਲੀਫੋਨ ਵਿਰਲੇ ਟਾਵੇਂ ਘਰਾਂ ਵਿੱਚ ਹੁੰਦੇ ਸਨ। ਸਾਡੇ ਘਰ ਵਿੱਚ ਦੂਜਾ ਨਵਾਂ ਜੀਅ ਆਇਆ। ਮਾਂ ਤੋਂ ਖ਼ੁਸ਼ੀ ਸਾਂਭੀ ਨਹੀਂ ਜਾ ਰਹੀ ਸੀ। ਉਨ੍ਹਾਂ ਆਪਣੇ ਪੋਤਰੇ ਨੂੁੰ ਗੁੜ੍ਹਤੀ ਆਪ ਹੀ ਦਿੱਤੀ। ਅਧਰੰਗ ਦੇ ਬਾਵਜੂਦ ਮਾਂ ਖ਼ੁਸ਼ੀ ਵਿਚ ਖੀਵੀ ਹੋਈ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ। ਪਿਤਾ ਜੀ ਨੂੰ ਉਠਾ ਕੇ ਉਨ੍ਹਾਂ ਨਾਲ ਖ਼ੁਸ਼ੀ ਸਾਂਝੀ ਕੀਤੀ। ਘੰਟੇੇ ਕੁ ਮਗਰੋਂ ਮੈਨੂੰ ਆਖਣ ਲੱਗੀ, ‘‘ਜਾ ਪੁੁੱਤ ਆਪਣੇ ਸਹੁਰੇ ਘਰ ਵੀ ਸੁਨੇਹਾ ਦੇ ਆ। ਉਹ ਫ਼ਿਕਰ ਕਰਦੇ ਹੋਣਗੇ। ਨਾਲੇ ਦੋ ਚਾਰ ਡੱਬੇ ਲੱਡੂਆਂ ਦੇ ਲੈ ਜਾਵੀਂ।’’

ਮੈਂ ਤਿਆਰ ਹੋ ਕੇ ਸਕੂਟਰ ’ਤੇ ਬਾਜ਼ਾਰ ਪਹੁੰਚ ਗਿਆ। ਉੱਥੋਂ ਲੱਡੂਆਂ ਦੇ ਡੱਬੇ ਲੈ ਕੇ ਸਕੂਟਰ ਦੀ ਡਿੱਗੀ ਵਿੱਚ ਰੱਖ ਲਏ। ਜਦੋਂ ਸਹੁਰੇ ਘਰ ਪੁੱਜਿਆ ਤਾਂ ਮਨ ਵਿੱਚ ਪਤਾ ਨਹੀਂ ਕੀ ਫੁਰਨਾ ਫੁਰਿਆ। ਮੈਂ ਸਕੂਟਰ ਖੜ੍ਹਾ ਕਰਕੇ ਬੈਠਕ ਵਿੱਚ ਪਹੁੰਚ ਗਿਆ। ਮੈਂ ਬੀਬੀ ਦੇ ਪੈਰਾਂ ਨੂੰ ਹੱਥ ਲਾ ਕੇ ਮੰਜੇ ’ਤੇ ਬੈਠ ਗਿਆ। ਉਨ੍ਹਾਂ ਪੈਂਦੀ ਸੱਟੇ ਆਪਣੀ ਧੀ ਦੀ ਰਾਜ਼ੀ-ਖ਼ੁਸ਼ੀ ਪੁੱਛੀ। ਮੇਰੇ ਮੂੰਹੋਂ ਪਤਾ ਨਹੀਂ ਕਿਵੇਂ ਨਿਕਲ ਗਿਆ ਕਿ ਠੀਕ ਤਾਂ ਹੈ ਪਰ ਗੁੱਡੀ ਆਈ ਹੈ। ਉਹ ਕਹਿਣ ਲੱਗੇ, ‘‘ਭਾਈ ਸਾਰੇ ਰੱਬ ਦੇ ਜੀਅ ਹੁੰਦੇ ਹਨ। ਇਸ ਲਈ ਕਿਸੇ ਨਾ ਕਿਸੇ ਨੇ ਤਾਂ ਆਉਣਾ ਹੀ ਸੀ। ਬਾਕੀ ਸਿਹਤ ਠੀਕ ਚਾਹੀਦੀ ਹੈ।’’ ਉਹ ਮੈਨੂੰ ਦਿਲਾਸਾ ਦਿੰਦਿਆਂ ਕਹਿਣ ਲੱਗੇ, ‘‘ਮੇਰੇ ਵੱਡੇ ਮੁੰਡੇ ਕੋਲ ਪਹਿਲਾਂ ਮੁੰਡਾ ਸੀ ਤੇ ਹੁਣ ਕੁੜੀ ਹੋਈ। ਉਂਜ ਨੀਂ ਮਨ ਹੌਲਾ ਕਰੀਦਾ।’’ ਉਨ੍ਹਾਂ ਇਹ ਕਹਿੰਦਿਆਂ ਮੇਰੇ ਲਈ ਚਾਹ ਬਣਾਉਣ ਲਈ ਆਖ ਦਿੱਤਾ। ਉਨ੍ਹਾਂ ਪਰਿਵਾਰ ਦੇ ਹੋਰਾਂ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਹੁਣ ‘ਵੀਰ’ ਕਹਿਣ ਵਾਲੀ ਵੀ ਆ ਗਈ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਮੈਥੋਂ ਕੀ ਬੋਲਿਆ ਗਿਆ। ਬੀਬੀ ਮੈਨੂੰ ਬਹੁਤ ਹੀ ਸਾਊ ਸਮਝਿਆ ਕਰਦੀ ਸੀ। ਹੁਣ ਕੀ ਬਣੇਗਾ ਮੇਰਾ। ਮੇਰੇ ਲਈ ਚਾਹ ਆ ਗਈ ਤੇ ਪਤਨੀ ਦਾ ਭਰਾ ਕੋਲ ਬੈਠ ਕੇ ਚਾਹ ਪੀਣ ਲੱਗਿਆ। ਬੀਬੀ ਮੂੜਾ ਲੈ ਕੇ ਬੈਠ ਗਈ।

ਮੇਰੇ ਸੰਘ ਵਿੱਚ ਚਾਹ ਨਹੀਂ ਉਤਰ ਰਹੀ ਸੀ। ਉਹ ਸਮਝ ਰਹੇ ਸਨ ਕਿ ਕੁੜੀ ਹੋਣ ਕਾਰਨ ਥੋੜ੍ਹਾ ਘੱਟ ਬੋਲ ਰਿਹਾ ਹੈ। ਬੀਬੀ ਆਖਣ ਲੱਗੀ, ‘‘ਕੋਈ ਨੀਂ ਪੁੱਤ, ਤੈਨੂੰ ਨੌਕਰੀ ਵੀ ਮਿਲ ਜਾਊ। ਕਈ ਵਾਰ ਕੋਈ ਜੀਅ ਹੀ ਭਾਗਾਂ ਵਾਲਾ ਹੁੰਦਾ ਹੈ, ਉਸ ਦੇ ਆਏ ’ਤੇ ਘਰ ਵਿੱਚ ਖ਼ੁਸ਼ੀਆਂ ਆ ਜਾਂਦੀਆਂ ਹਨ।’’ ਮੈਂ ਕਾਫ਼ੀ ਦੇਰ ਗੁੰਮ ਸੁੰਮ ਬੈਠਾ ਰਿਹਾ। ਆਪਣੇ ਝੂਠ ਤੋਂ ਡਰ ਰਿਹਾ ਸੀ। ਕਦੇ ਆਪਣੇ ’ਤੇ ਲਾਹਨਤਾਂ ਪਾ ਰਿਹਾ ਸਾਂ। ਮੈਂ ਪਛਤਾ ਰਿਹਾ ਸਾਂ ਕਿ ਇਹ ਕੀ ਕਰ ਬੈਠਾ। ਦਰਅਸਲ, ਬੀਬੀ ਹਰ ਵਾਰੀ ਆਖ ਦਿੰਦੀ ਸੀ, ‘‘ਮੇਰਾ ਜਵਾਈ ਤਾਂ ਕਿਸੇ ਨੂੰ ਟਿੱਚਰ ਹੀ ਨਹੀਂ ਕਰ ਸਕਦਾ, ਇਹ ਤਾਂ ਬਹੁਤਾ ਹੀ ਸਾਊ ਹੈ।’’ ਜਦੋਂ ਮੈਂ ਸਹੁਰੇ ਘਰ ਜਾਣਾ, ਉਨ੍ਹਾਂ ਅਜਿਹਾ ਜ਼ਰੂਰ ਆਖਣਾ। ਘੰਟਾ ਮੈਂ ਮੰਜੇ ਤੋਂ ਨਾ ਉੱਠਿਆ। ਬੀਬੀ ਨੇ ਰੋਟੀ ਖਾਣ ਲਈ ਕਿਹਾ, ਪਰ ਮੈਂ ਆਖਿਆ, ‘‘ਮੈਨੂੰ ਭੁੱਖ ਨਹੀਂ।’’ ਮੈਂ ਕਿਹਾ ਕਿ ਹੁਣ ਮੈਂ ਚਲਦਾ ਹਾਂ। ਹਿੰਮਤ ਕਰਕੇ ਸਕੂਟਰ ਕੋਲ ਪਹੁੰਚ ਗਿਆ। ਇੰਨੇ ਨੂੰ ਬਾਹਰੋਂ ਪਤਨੀ ਦਾ ਛੋਟਾ ਭਰਾ ਆ ਗਿਆ। ਸਤਿ ਸ੍ਰੀ ਅਕਾਲ ਬੁਲਾਉਣ ਤੋਂ ਬਾਅਦ ਉਹ ਆਪਣੀ ਭੈਣ ਬਾਰੇ ਪੁੱਛਣ ਲੱਗਿਆ। ਮੈਂ ਕਿਹਾ ਕਿ ਤੂੰ ਮਾਮਾ ਬਣ ਗਿਆਂ ਏਂ। ਏਨੇ ਨੂੰ ਬੀਬੀ ਆਖਣ ਲੱਗੀ ਕਿ ਤੇਰੀ ਭਾਣਜੀ ਆਈ ਹੈ। ਮੈਂ ਸਕੂਟਰ ਦੀ ਡਿੱਗੀ ਵਿੱਚੋਂ ਲੱਡੂਆਂ ਦੇ ਡੱਬੇ ਕੱਢੇ ਤੇ ਹਿੰਮਤ ਜਿਹੀ ਕਰਕੇ ਕਿਹਾ, ‘‘ਬੀਬੀ, ਮੈਂ ਤਾਂ ਮਖੌਲ ਕਰਦਾ ਸੀ, ਦਰਅਸਲ ਤੁਹਾਡੇ ਦੋਹਤਾ ਹੋਇਆ ਹੈ।’’

ਮੈਂ ਲੱਡੂਆਂ ਦੇ ਡੱਬੇ ਕੱਢ ਕੇ ਉਨ੍ਹਾਂ ਨੂੰ ਫੜਾਏ। ਉਨ੍ਹਾਂ ਡੱਬੇ ਫੜ ਕੇ ਪਹਿਲਾਂ ਆਪਣੇ ਮੱਥੇ ਨਾਲ ਲਾਏ, ਫੇਰ ਕਹਿਣ ਲੱਗੇ, ‘‘ਭਾਈ, ਤੂੰ ਤਾਂ ਬੜਾ ਸ਼ੈਤਾਨ ਨਿਕਲਿਆ। ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ।’’ ਉਨ੍ਹਾਂ ਮੇਰੀ ਬਾਂਹ ਫੜ ਲਈ ਤੇ ਬੈਠਕ ਵੱਲ ਲੈ ਗਏ। ਉਨ੍ਹਾਂ ਉੱਚੀ ਸਾਰੀ ਦੁੱਧ ਬਣਾਉਣ ਲਈ ਕਿਹਾ ਤੇ ਨਾਲ ਹੀ ਪਿੰਨੀਆਂ ਲਿਆਉਣ ਲਈ ਕਿਹਾ। ਘਰ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ। ਹੁਣ ਮੇਜ਼ ’ਤੇ ਤਿੰਨ ਚਾਰ ਗਲਾਸ ਦੁੱਧ ਦੇ ਆ ਗਏ ਤੇ ਪਿੰਨੀਆਂ ਵੀ ਆ ਗਈਆਂ। ਥੋੜ੍ਹੀ ਦੇਰ ਬਾਅਦ ਮੈਂ ਇਜਾਜ਼ਤ ਲੈ ਕੇ ਉੱਥੋਂ ਤੁਰ ਪਿਆ। ਮੈਂ ਆਪਣੇ ਘਰ ਪਹੁੰਚ ਕੇ ਸ਼ਰਮਿੰਦਗੀ ਦੇ ਮਾਰੇ ਇਸ ਗੱਲ ਦਾ ਇਲਮ ਨਾ ਹੋਣ ਦਿੱਤਾ। ਕੁਝ ਦਿਨਾਂ ਮਗਰੋਂ ਸਹੁਰੇ ਘਰੋਂ ਕਈ ਜੀਅ ਆ ਗਏ ਤੇ ਪੰਜੀਰੀ ਲੈ ਆਏ। ਉਸ ਸਮੇਂ ਬੀਬੀ ਨੇ ਸਾਰਿਆਂ ਸਾਹਮਣੇ ਇਸ ਗੱਲ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘‘ਮੈਂ ਤਾਂ ਆਪਣੇ ਜਵਾਈ ਨੂੰ ਸਾਊ ਜਿਹਾ ਸਮਝਦੀ ਸੀ, ਪਰ ਉਹ ਤਾਂ ਸਾਡੇ ਸਾਰਿਆਂ ਦੇ ਹੱਥਾਂ ’ਤੇ ਸਰ੍ਹੋਂ ਜਮ੍ਹਾਂ ਗਿਆ।’’ ਸਾਰੇ ਹੱਸ-ਹੱਸ ਕੇ ਦੂਹਰੇ ਹੋ ਗਏ। ਹੁਣ ਭਾਵੇਂ ਜਵਾਈ ਤੋਂ ਫੁੱਫੜ ਬਣ ਗਿਆ ਹਾਂ, ਫੇਰ ਵੀ ਕਦੇ ਪਤਨੀ ਜਾਂ ਹੋਰ ਕੋਈ ਇਹ ਆਖਦਾ ਹੈ ਕਿ ਮੁੰਡਾ-ਕੁੜੀ ਵਿੱਚ ਕੋਈ ਫ਼ਰਕ ਨਹੀਂ ਤਾਂ ਮਨ ਮੱਲੋ-ਮੱਲੀ ਕਾਫ਼ੀ ਸਾਲ ਪਹਿਲਾਂ ਵਾਲੀ ਘਟਨਾ ਨੂੰ ਯਾਦ ਕਰ ਲੈਂਦਾ ਹੈ।

ਸੰਪਰਕ: 98152-33232

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ਼ਹਿਰ

View All