ਬੰਤ ਸਿੰਘ ਬਰਾੜ
ਜੋਗਿੰਦਰ ਦਿਆਲ ਦੇ ਵਿਛੋੜੇ ਨਾਲ ਪੰਜਾਬ ਦੀ ਸੀ.ਪੀ.ਆਈ. ਅਤੇ ਸਮੁੱਚੀ ਖੱਬੀ ਲਹਿਰ ਇੱਕ ਤਜਰਬੇਕਾਰ ਬੁੱਧੀਜੀਵੀ ਅਤੇ ਸੁਲਝੇ ਹੋਏ ਰਾਜਨੀਤਕ ਆਗੂ ਦੀ ਅਗਵਾਈ ਅਤੇ ਲੋੜੀਂਦੀ ਨਸੀਹਤ ਤੋਂ ਵਿਰਵੀ ਹੋ ਗਈ ਹੈ। 81 ਸਾਲ ਦੀ ਉਮਰ ਭੋਗ ਕੇ ਡਾਕਟਰ ਦਿਆਲ 29 ਅਪਰੈਲ 2021 ਨੂੰ ਚੰਡੀਗੜ੍ਹ ਵਿਖੇ ਆਪਣੇ ਘਰ ਵਿੱਚ ਹੀ ਕੁਝ ਦਿਨ ਬਿਮਾਰ ਰਹਿਣ ਉਪਰੰਤ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।
ਡਾਕਟਰ ਦਿਆਲ ਦਾ ਜਨਮ 20 ਮਈ 1940 ਨੂੰ ਪਿਤਾ ਸਰਦਾਰ ਸਦਾਰਾਮ ਸਿੰਘ ਅਤੇ ਮਾਤਾ ਸ੍ਰੀਮਤੀ ਬਚਨੀ ਕੌਰ ਦੇ ਘਰ ਜ਼ਿਲ੍ਹਾ ਰੂਪਨਗਰ ਦੇ ਸ਼ਹਿਰ ਨੰਗਲ ਨੇੜੇ ਇੱਕ ਛੋਟੇ ਜਿਹੇ ਪਿੰਡ ਕੁਲਗਰਾਂ ਵਿਖੇ ਕਿਸਾਨ ਪਰਿਵਾਰ ਵਿੱਚ ਹੋਇਆ। ਉਨ੍ਹਾਂ ਨੇ ਕੁਲਗਰਾਂ ਦੇ ਨਾਲ ਲੱਗਦੇ ਸੰਤੋਸ਼ਗੜ੍ਹ ਸਰਕਾਰੀ ਹਾਈ ਸਕੂਲ ਵਿੱਚੋਂ 10ਵੀਂ ਪਾਸ ਕੀਤੀ। ਉਹ ਮੁੱਢ ਤੋਂ ਹੀ ਵਿੱਦਿਆ ਵਿੱਚ ਬਹੁਤ ਹੁਸ਼ਿਆਰ ਸਨ ਤੇ ਟਾਪਰ ਰਹਿ ਕੇ ਵਜ਼ੀਫ਼ਾ ਪ੍ਰਾਪਤ ਕੀਤਾ। ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਤੋਂ ਇੰਟਰ ਕਰਕੇ ਪਟਿਆਲੇ ਵਿੱਚ ਮੈਡੀਕਲ ਕਾਲਜ ਵਿੱਚੋਂ ਡਾਕਟਰੀ ਦੀ ਡਿਗਰੀ ਲੈ ਕੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਮੈਡੀਕਲ ਕਾਲਜ ਵਿੱਚੋਂ ਐਮ.ਐਸ. ਦੀ ਡਿਗਰੀ ਪ੍ਰਾਪਤ ਕੀਤੀ। ਅੱਖਾਂ ਦੇ ਮਾਹਿਰ ਡਾਕਟਰ ਸਨ।
ਡਾਕਟਰ ਦਿਆਲ ਨੇ ਰਾਜਨੀਤੀ ਆਪਣੇ ਘਰ ਵਿੱਚੋਂ ਆਪਣੇ ਸਭ ਤੋਂ ਵੱਡੇ ਭਰਾ ਸਰਵਣ ਸਿੰਘ ਕੁਲਗਰਾਂ ਤੋਂ ਵਿਰਾਸਤ ਵਿੱਚ ਲਈ ਸੀ। ਸਰਵਣ ਸਿੰਘ ਭਾਰਤੀ ਕਮਿਊਨਿਸਟ ਪਾਰਟੀ ਦੇ ਉੱਘੇ ਆਗੂ ਸਨ। ਉਂਝ ਵੀ ਸਾਂਝੀ ਪਾਰਟੀ ਵੇਲੇ ਇਹ ਇਲਾਕਾ ਕਮਿਊਨਿਸਟਾਂ ਦਾ ਗੜ੍ਹ ਮੰਨਿਆ ਜਾਂਦਾ ਸੀ ਤੇ ਸਾਥੀ ਰਾਮ ਕਿਸ਼ਨ ਭੜੋਲੀਆਂ ਇੱਥੋਂ ਵਿਧਾਇਕ ਵੀ ਚੁਣੇ ਗਏ ਸਨ।
ਪਟਿਆਲਾ ਵਿਖੇ ਮੈਡੀਕਲ ਕਾਲਜ ਵਿੱਚ ਏ.ਆਈ.ਐਸ.ਐਫ਼. ਅਤੇ ਸੀ.ਪੀ.ਆਈ. ਦਾ ਤਕੜਾ ਯੂਨਿਟ ਪਹਿਲਾਂ ਹੀ ਮੌਜੂਦ ਸੀ। ਡਾਕਟਰ ਦਿਆਲ ਨੇ ਮਾਰਕਸਵਾਦ-ਲੈਨਿਨਵਾਦ ਦੀ ਵਿੱਦਿਆ ਇੱਥੇ ਹੀ ਹਾਸਲ ਕੀਤੀ ਅਤੇ ਵਿਦਿਆਰਥੀ ਲਹਿਰ ਵਿੱਚ ਸਰਗਰਮ ਰਹੇ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਰਾਜਨੀਤੀ ਦਾ ਕੇਂਦਰ ਹੋਣ ਕਰਕੇ ਦਿਆਲ ਵਿਦਿਆਰਥੀ ਲਹਿਰ ਵਿੱਚ ਪੂਰੀ ਸਰਗਰਮੀ ਨਾਲ ਹਿੱਸਾ ਲੈਣ ਲੱਗੇ।
1966 ਵਿੱਚ ਪੁਡੂਚੇਰੀ ਵਿਖੇ ਏ.ਆਈ.ਐਸ.ਐਫ਼. ਦੀ ਕੌਮੀ ਪੱਧਰ ’ਤੇ ਨਵੇਂ ਸਿਰਿਉਂ ਜਥੇਬੰਦੀ ਉਸਾਰੀ ਵਾਸਤੇ ਕੀਤੀ ਗਈ ਕੌਮੀ ਕਾਨਫ਼ਰੰਸ ਵਿੱਚ ਡਾਕਟਰ ਦਿਆਲ ਨੂੰ ਕੌਮੀ ਪ੍ਰਧਾਨ ਚੁਣਿਆ ਗਿਆ। 1969 ਵਿੱਚ ਬੇਰੁਜ਼ਗਾਰੀ ਵਿਰੁੱਧ ਏ.ਆਈ.ਐਸ.ਐਫ਼. ਅਤੇ ਏ.ਆਈ.ਵਾਈ.ਐਫ਼. ਵੱਲੋਂ ਰਾਸ਼ਟਰ-ਵਿਆਪੀ ਅੰਦੋਲਨ ਛੇੜਿਆ ਗਿਆ।
ਸੀ.ਕੇ. ਚੰਦਰੱਪਨ, ਸ਼ਾਰਦਾ ਮਿਤਰਾ, ਜੋਗਿੰਦਰ ਦਿਆਲ ਅਤੇ ਸੁਧਾਕਰ ਰੈਡੀ ਆਦਿ ਆਗੂਆਂ ਦੀ ਅਗਵਾਈ ਵਿੱਚ ਸੰਸਦ ਮੂਹਰੇ ਭੁੱਖ ਹੜਤਾਲ ਤੋਂ ਬਾਅਦ ਕੀਤੇ ਗਏ ਪ੍ਰਦਰਸ਼ਨ ’ਤੇ ਪੁਲੀਸ ਵੱਲੋਂ ਕੀਤੇ ਗਏ ਜ਼ੋਰਦਾਰ ਲਾਠੀਚਾਰਜ ਅਤੇ ਘੋੜਸਵਾਰ ਪੁਲੀਸ ਦੇ ਅੱਤਿਆਚਾਰ ਮਗਰੋਂ ਸੈਂਕੜੇ ਵਲੰਟੀਅਰਾਂ ਨੂੰ ਤਿਹਾੜ ਜੇਲ੍ਹ ਵਿੱਚ ਇੱਕ ਮਹੀਨਾ ਕੈਦ ਕਰ ਦਿੱਤੀ ਗਈ। ਜਿਨ੍ਹਾਂ ਕੌਮੀ ਲੀਡਰਾਂ ਨੇ ਸਾਰੇ ਭਾਰਤ ਵਿੱਚ ਵਿਦਿਆਰਥੀ ਅਤੇ ਨੌਜਵਾਨ ਲਹਿਰ ਨੂੰ ਮੁੜ ਆਪਣੇ ਪੈਰਾਂ ’ਤੇ ਖੜ੍ਹਾ ਕਰਨ ਵਿੱਚ ਸ਼ਕਤੀਸ਼ਾਲੀ ਭੂਮਿਕਾ ਨਿਭਾਈ, ਉਨ੍ਹਾਂ ਵਿੱਚ ਸਾਥੀ ਦਿਆਲ ਵੀ ਮੂਹਰਲੀਆਂ ਸਫ਼ਾਂ ਵਿੱਚ ਸਨ।
ਡਾਕਟਰ ਦਿਆਲ ਬਾਅਦ ਵਿੱਚ ਏ.ਆਈ.ਵਾਈ.ਐਫ਼. ਦੇ ਪ੍ਰਧਾਨ ਤੇ ਫਿਰ ਕੁਝ ਚਿਰ ਆਲ ਇੰਡੀਆ ਕਿਸਾਨ ਸਭਾ ਦੇ ਪ੍ਰਧਾਨ ਵੀ ਰਹੇ।
ਰੀਨਾ ਨਾਂ ਦੀ ਰੂਸੀ ਲੜਕੀ ਨਾਲ ਸ਼ਾਦੀ ਹੋਣ ਕਰਕੇ ਫ਼ਰੀਦਾਬਾਦ ਵਿਖੇ ਕੁਝ ਚਿਰ ਡਾਕਟਰੀ ਦੀ ਪ੍ਰੈਕਟਿਸ ਕੀਤੀ, ਪਰ ਇੱਕ ਰਾਜਨੀਤਕ ਲੀਡਰ ਵਜੋਂ ਉੱਭਰੀ ਸ਼ਖ਼ਸੀਅਤ ਨੂੰ ਇਹ ਰਾਸ ਨਾ ਆਈ ਤੇ ਜਲਦੀ ਕਾਮਰੇਡ ਅਵਤਾਰ ਸਿੰਘ ਮਲਹੋਤਰਾ ਦੀ ਪ੍ਰੇਰਨਾ ਨਾਲ ਪੰਜਾਬ ਆ ਗਏ। ਪੰਜਾਬ ਅੰਦਰ ਕਾਲੇ ਦਿਨਾਂ ਦੌਰਾਨ ਪੰਜਾਬ ਦੀ ਲੀਡਰਸ਼ਿਪ ਨਾਲ ਮਿਲ ਕੇ ਜ਼ੋਰਦਾਰ ਸਰਗਰਮੀ ਕੀਤੀ ਅਤੇ ਨੌਜਵਾਨਾਂ ਵਿੱਚੋਂ ਸਭ ਤੋਂ ਸੀਨੀਅਰ ਅਤੇ ਤਜਰਬੇਕਾਰ ਹੋਣ ਕਰਕੇ ਦਸ ਸਾਲ ਪੰਜਾਬ ਸੀ.ਪੀ.ਆਈ. ਦੇ ਸਕੱਤਰ ਰਹੇ। ਸੰਕਟ ਭਰੇ ਦਿਨਾਂ ਵਿੱਚ ਅਤਿਵਾਦ ਵਿਰੁੱਧ ਅਵਤਾਰ ਸਿੰਘ ਮਲਹੋਤਰਾ, ਸਤਪਾਲ ਡਾਂਗ, ਦਰਸ਼ਨ ਸਿੰਘ ਕੈਨੇਡੀਅਨ, ਪਿਆਰਾ ਸਿੰਘ ਦਿਓਸੀ, ਮਦਨ ਲਾਲ ਦੀਦੀ ਆਦਿ ਦੀ ਅਗਵਾਈ ਵਿੱਚ ਅਣਥੱਕ ਲੜਾਈ ਲੜੀ। ‘ਨਾ ਹਿੰਦੂ ਰਾਜ ਨਾ ਖ਼ਾਲਿਸਤਾਨ, ਜੁਗ ਜੁਗ ਜੀਵੇ ਹਿੰਦੋਸਤਾਨ’ ਦੇ ਨਾਅਰੇ ਹੇਠ ਪੰਜਾਬ ਵਿੱਚ ਜ਼ੋਰਦਾਰ ਲਾਮਬੰਦੀ ਕੀਤੀ ਗਈ।
ਜੋਗਿੰਦਰ ਦਿਆਲ ਸੀ.ਪੀ.ਆਈ. ਦੀ ਕੌਮੀ ਐਗਜ਼ੈਕਟਿਵ ਵਿੱਚ ਕੇਂਦਰੀ ਲੀਡਰਸ਼ਿਪ ਵਿੱਚ ਵੀ ਲੰਮਾ ਸਮਾਂ ਰਹੇ। ਉਨ੍ਹਾਂ ਨੇ ਐਸ.ਏ.ਡਾਂਗੇ, ਰਾਜੇਸ਼ਵਰ ਰਾਓ, ਇੰਦਰਜੀਤ ਗੁਪਤਾ ਅਤੇ ਏ.ਬੀ. ਬਰਧਨ ਦੀ ਅਗਵਾਈ ਵਿੱਚ ਕੰਮ ਕਰਨ ਦਾ ਸੁਭਾਗ ਪ੍ਰਾਪਤ ਕੀਤਾ। ਸੀ.ਕੇ. ਚੰਦਰੱਪਨ ਅਤੇ ਸੁਧਾਕਰ ਰੈਡੀ ਨਾਲ ਤਾਂ ਉਨ੍ਹਾਂ ਨੇ ਇੱਕ ਟੀਮ ਵਜੋਂ ਕੰਮ ਕੀਤਾ।
ਕਮਿਊਨਿਸਟ ਪਾਰਟੀ ਵਿੱਚ ਡਾਕਟਰ ਦਿਆਲ ਕਮਿਊਨਿਸਟ ਅੰਦੋਲਨ ਦੇ ਪ੍ਰਮੁੱਖ ਆਗੂਆਂ ਸਰਵਸਾਥੀ ਪੀ.ਸੀ. ਜੋਸ਼ੀ ਅਤੇ ਐਸ.ਏ. ਡਾਂਗੇ ਦੀ ਨੀਤੀ ਤੋਂ ਬਹੁਤ ਪ੍ਰਭਾਵਿਤ ਸਨ। ਪਾਰਟੀ ਵਿੱਚ ਮਤਭੇਦਾਂ ਦੇ ਸਿਖਰ ਸਮੇਂ ਜਦੋਂ ਐਸ.ਏ. ਡਾਂਗੇ, ਮੋਹਿਤ ਸੇਨ ਵਰਗੇ ਵੱਡੇ ਲੀਡਰ ਪਾਰਟੀ ਜਥੇਬੰਦੀ ਤੋਂ ਵੱਖਰੇ ਹੋ ਗਏ ਸਨ ਤੇ ਯੂ.ਸੀ.ਪੀ.ਆਈ ਦੇ ਨਾਂ ਹੇਠ ਵੱਖਰੀ ਪਾਰਟੀ ਵੀ ਬਣਾ ਲਈ ਸੀ ਤਾਂ ਲੈਨਿਨਵਾਦੀ ਪਾਰਟੀ ਅਸੂਲਾਂ ਨੂੰ ਸਾਹਮਣੇ ਰੱਖਦਿਆਂ ਡਾਕਟਰ ਦਿਆਲ ਨੇ ਸੀ.ਪੀ.ਆਈ. ਅੰਦਰ ਹੀ ਰਹਿ ਕੇ ਆਪਣੀ ਸੁਹਿਰਦਤਾ ਅਤੇ ਰਾਜਨੀਤਕ ਪਕਿਆਈ ਦਾ ਸਬੂਤ ਦਿੱਤਾ। ਭਾਰਤੀ ਇਤਿਹਾਸ ਵਿੱਚ ਇੱਕ ਅਜਿਹਾ ਮੌਕਾ ਆਇਆ ਜਦੋਂ ਕਾਮਰੇਡ ਜੋਤੀ ਬਾਸੂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਬਣਾਉਣ ਦਾ ਪ੍ਰਸਤਾਵ ਸੰਸਦ ਦੀ ਬਹੁਗਿਣਤੀ ਵੱਲੋਂ ਆਇਆ ਸੀ ਤੇ ਮਾਰਕਸਵਾਦੀ ਪਾਰਟੀ ਨੇ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਤਾਂ ਡਾਕਟਰ ਦਿਆਲ ਬਹੁਤ ਸਾਰੇ ਕਮਿਊਨਿਸਟਾਂ ਵਾਂਗੂੰ ਬਹੁਤ ਦੁਖੀ ਹੋਏ ਸਨ। ਡਾਕਟਰ ਦਿਆਲ ਦਾ ਵਿਸ਼ਵਾਸ ਸੀ ਕਿ ਇਸ ਪਹਾੜ ਜਿੱਡੀ ਗ਼ਲਤੀ ਦਾ ਕਮਿਊਨਿਸਟਾਂ ਨੂੰ ਬਹੁਤ ਵੱਡਾ ਮੁੱਲ ਤਾਰਨਾ ਪੈ ਰਿਹਾ ਹੈ।
ਉਹ ਤਜ਼ਰਬੇਕਾਰ ਨੇਤਾ ਹੋਣ ਦੇ ਨਾਲ-ਨਾਲ ਸਾਰੀਆਂ ਪਾਰਟੀਆਂ ਦੇ ਆਗੂਆਂ ਨਾਲ ਨੇੜਲੇ ਸੰਬੰਧ ਰੱਖਦੇ ਸਨ। ਡਾਕਟਰ ਦਿਆਲ ਦੇ ਪਰਿਵਾਰਕ ਜੀਵਨ ਵਿੱਚ ਵੀ ਕਈ ਉਤਰਾਅ-ਚੜ੍ਹਾਅ ਆਏ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਕੰਵਲਜੀਤ ਕੌਰ ਅਤੇ ਤਿੰਨ ਧੀਆਂ ਹਨ।
ਡਾਕਟਰ ਦਿਆਲ ਨੇ ਖੱਬੀਆਂ ਪਾਰਟੀਆਂ ਨੂੰ ਇਕੱਠਾ ਕਰਨ ਵਿੱਚ ਹਮੇਸ਼ਾ ਯੋਗ ਨਸੀਹਤ ਦਿੱਤੀ। ਉਹ ਅਜੋਕੇ ਸਮੇਂ ਵਿੱਚ ਫ਼ਾਸ਼ੀਵਾਦੀ ਵਿਚਾਰਧਾਰਾ ਆਧਾਰਿਤ ਸਰਕਾਰ ਨੂੰ ਸੱਤਾ ਤੋਂ ਦੂਰ ਕਰਨ ਵਾਸਤੇ ਭਾਰਤ ਦੀਆਂ ਤਮਾਮ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਦੀ ਵਿਸ਼ਾਲ ਏਕਤਾ ਦੇ ਹਮਾਇਤੀ ਸਨ। ਉਹ ਅਜੋਕੇ ਸਮੇਂ ਵਿੱਚ ਖੱਬੀ ਏਕਤਾ ਦੇ ਵੀ ਤਕੜੇ ਹਾਮੀ ਸਨ।
ਸਮੁੱਚੀ ਖੱਬੀ ਲਹਿਰ ਨੂੰ ਡਾਕਟਰ ਜੋਗਿੰਦਰ ਦਿਆਲ ਦੇ ਤੁਰ ਜਾਣ ਨਾਲ ਪਿਆ ਘਾਟਾ ਪੂਰਾ ਨਹੀਂ ਹੋ ਸਕਦਾ।